ਫਿਰੋਜ਼ਪੁਰ – ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਰਾਜ ਦੀ ਅਗਵਾਈ ਹੇਠ ਵਿਭਿੰਨ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਅੰਦਰ ਕੋਵਿਡ ਵੈਕਸੀਨੇਸ਼ਨ ਸਬੰਧੀ ਪੂਰਵ ਅਭਿਆਸ ਦੇ ਤੌਰ ਤੇ ਡਰਾਈ ਰਨ ਕੀਤਾ ਗਿਆ। ਇਸ ਗਤੀਵਿਧੀ ਵਿੱਚ ਜ਼ਿਲਾ ਹਸਪਤਾਲ ਫਿਰੋਜ਼ਪੁਰ, ਸੀ.ਐਚ.ਸੀ.ਮਮਦੋਟ ਅਤੇ ਇੱਕ ਪ੍ਰਾਈਵੇਟ ਸਿਹਤ ਸੰਸਥਾ ਬਾਗੀ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਦੀ ਮੁਕੰਮਲ ਪ੍ਰਕਿ੍ਰਆ ਦਾ ਪੂਰਵ ਅਭਿਆਸ ਕੀਤਾ ਗਿਆ। ਸਮੁੱਚੀ ਗਤੀਵਿਧੀ ਦੀ ਅਗਵਾਈ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਕੀਤੀ।ਇਸ ਗਤੀਵਿਧੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਾਜਿੰਦਰ ਰਾਜ ਨੇ ਕਿਹਾ ਕਿ ਅੱਜ ਦੇ ਡਰਾਈ ਰਨ ਵਿੱਚ ਕੋਵਿਡ ਵੈਕਸੀਨੇਸ਼ਨ ਮੁਹਿੰਮ ਲਈ ਵੈਕਸੀਨ ਦੀ ਪ੍ਰਾਪਤੀ, ਸਟੋਰੇਜ, ਰੱਖ ਰਖਾਵ, ਵੈਕਸੀਨੇਸ਼ਨ ਮੁਹਿੰਮ ਦੌਰਾਨ ਸੁਪਰਵੀਜ਼ਨ,ਵੇਸਟ ਮੈਨੇਜ਼ਮੈਂਟ ਅਤੇ ਟੀਕਾਕਰਨ ਤੋਂ ਬਾਅਦ ਹੋ ਸਕਣ ਵਾਲੇ ਪ੍ਰਤੀਕੂਲ ਪ੍ਰਭਾਵਾਂ ਨਾਲ ਨਜਿੱਠਣ ਲਈ ਪੂਰਵ ਅਭਿਆਸ ਕੀਤਾ ਗਿਆ। ਸਿਵਲ ਸਰਜਨ ਡਾ. ਰਾਜਿੰਦਰ ਰਾਜ ਨੇ ਕਿਹਾ ਕਿ ਆਰੰਭਕ ਗੇੜ ਵਿੱਚ ਇਸ ਵੈਕਸਨੀਨ ਦੀਆਂ 21 ਜਾਂ 28 ਦਿਨਾਂ ਦੇ ਵਕਫੇ ਦੌਰਾਨ ਦੋ ਖੁਰਾਕਾਂ ਸਿਹਤ ਕਰਮਚਾਰੀਆਂ/ਅਧਿਕਾਰੀਆਂ(ਸਰਕਾਰੀ ਤੇ ਪ੍ਰਾਈਵੇਟ) ਨੂੰ ਲਗਾਈਆਂ ਜਾਣਗੀਆਂ। ਇਸ ਤੋਂ ਬਾਅਦ ਫਰੰਟ ਲਾਈਨ ਵਰਕਜ਼ (ਪੁਲਿਸ ਅਤੇ ਹੋਰ ਵਿਭਾਗ) ਨੂੰ ਵੈਕਸੀਨੇਸ਼ਨ ਕਰਨ ਉਪਰੰਤ ਆਮ ਲੋਕਾਂ ਦੀ ਪ੍ਰੀ ਰਜਿਸਟਰੇਸ਼ਨ ਕਰਕੇ ਕੋਵਿਡ ਵੈਕਸੀਨੇਸ਼ਨ ਦੇ ਅਗਲੇ ਦੌਰ ਇੱਕ ਮੁਹਿੰਮ ਦੇ ਰੂਪ ਵਿੱਚ ਚਲਾਏ ਜਾਣਗੇ। ਉਹਨਾ ਖੁਲਾਸਾ ਕੀਤਾ ਕਿ ਕੋਵਿਡ ਟੀਕਾਕਰਨ ਤੋਂ ਬਾਅਦ ਹਰ ਲਾਭਪਾਤਰੀ ਨੂੰ ਅੱਧਾ ਘੰਟਾ ਨਿਗਰਾਨੀ ਕਮਰੇ ਵਿੱਚ ਰੱਖਿਆ ਜਾਵੇਗਾ ਤਾਂ ਕਿ ਕਿਸੇ ਕਿਸਮ ਦੇ ਪ੍ਰਤੀਕੂਲ ਪ੍ਰਭਾਵ ਨੂੰ ਸਮੇਂ ਸਿਰ ਨਜਿੱਠਆ ਜਾ ਸਕੇ।ਉਹਨਾ ਇਹ ਵੀ ਦੱਸਿਆ ਕਿ ਕੋਈ ਵੀ ਵਿਅਕਤੀ ਚਾਹੇ ਉਹ ਵਿਅਕਤੀ ਕੋਰਨਾ ਪਾਜ਼ਿਟਿਵ ਰਿਹਾ ਹੋਵੇ ਵੈਕਸੀਨੇਸ਼ਨ ਦੇ ਯੋਗ ਹੋਵੇਗਾ।ਇਸ ਤੋਂ ਇਲਾਵਾ ਗਰਭਵਤੀ ਇਸਤਰੀਆਂ ਨੂੰ ਵੀ ਇਹ ਵੈਕਸੀਨ ਦਿੱਤੀ ਜਾਵੇਗੀ।ਕਰੋਨਾ ਪੀੜਿਤਾਂ ਨੂੰ ਠੀਕ ਹੋਣ ਉਪਰੰਤ ਹੀ ਇਹ ਵੈਕਸੀਨ ਦਿੱਤੀ ਜਾਵੇਗੀ।ਜ਼ਿਲਾ ਟੀਕਾਕਰਨ ਅਧਿਕਾਰੀ ਡਾ: ਸੱਤਪਾਲ ਭਗਤ ਨੇ ਦੱਸਿਆ ਕਿ ਇਸ ਪੂਰਵ ਅਭਿਆਸ ਵਿੱਚ ਵੈਕਸੀਨੇਸ਼ਨ ਦੀ ਮੁਕੰਮਲ ਪ੍ਰਕਿ੍ਰਆ ਜਿਸ ਵਿੱਚ ਵੈਕਸੀਨ ਡਲਿਵਰੀ,ਕੈਂਪਾਂ ਨੂੰ ਓਰਗੇਨਾਈਜ਼ ਕਰਨਾ,ਟੀਕਾਕਰਨ ਅਤੇ ਪੋਸਟ ਵੈਕਸੀਨੇਸ਼ਨ ਅਹਿਤਿਆਤ ਸਬੰਧੀ ਰਿਹਰਸਲ ਕੀਤੀ ਗਈ। ਉਹਨਾਂ ਕਿਹਾ ਕਿ ਇਸ ਅਵਸਰ ਤੇ ਹਰ ਸਿਹਤ ਸੰਸਥਾ ਤੇ 25 ਲਾਭਪਾਤਰੀਆਂ ਨੂੰ ਬੁਲਾਇਆ ਗਿਆ ਸੀ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ:ਰਾਜਿੰਦਰ ਮਨਚੰਦਾ, ਐਸ.ਐਮ.ਓ.ਡਾ:ਮੀਨਾਕਸ਼ੀ ਅਬਰੋਲ, ਡਾ: ਗੁਰਮੇਜ਼ ਗੋਰਾਇਆ ਅਤੇ ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ ਵੀ ਹਾਜ਼ਿਰ ਸਨ।