ਸਿਡਨੀ – ਭਾਰਤ ਅਤੇ ਆਸਟਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਸਿਡਨੀ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਅੱਜ ਮੇਜ਼ਬਾਨ ਟੀਮ ਦੇ ਕਪਤਾਨ ਸਟੀਵ ਸਮਿਥ ਦੇ ਸੈਂਕੜੇ ਮਗਰੋਂ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨੀਮ ਸੈਂਕੜਾ ਬਣਾਇਆ, ਜਿਸ ਨਾਲ ਦੋਹਾਂ ਟੀਮਾਂ ਦਾ ਪੱਲੜਾ ਲਗਪਗ ਬਰਾਬਰ ਰਿਹਾ। ਅੱਜ ਸਟੀਵ ਸਮਿਥ ਦੀਆਂ 131 ਅਤੇ ਲਾਬੂਸ਼ੇਨ ਦੀਆਂ 91 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 338 ਦੌੜਾਂ ਬਣਾਈਆਂ। ਭਾਰਤ ਦੇ ਰਵਿੰਦਰ ਜਡੇਜਾ ਨੇ ਚਾਰ ਜਦਕਿ ਜਸਪ੍ਰੀਤ ਬੁਮਰਾਹ ਤੇ ਨਵਦੀਪ ਸੈਣੀ ਨੇ ਦੋ-ਦੋ ਵਿਕਟਾਂ ਲਈਆਂ। ਆਸਟਰੇਲੀਆ ਦੀਆਂ 338 ਦੌੜਾਂ ਦੇ ਜਵਾਬ ’ਚ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 96 ਦੌੜਾਂ ਬਣਾਈਆਂ। ਭਾਰਤ ਹਾਲੇ ਵੀ ਆਸਟਰੇਲੀਆ ਤੋਂ 242 ਦੌੜਾਂ ਪਿੱਛੇ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਚੇਤੇਸ਼ਵਰ ਪੁਜਾਰਾ 9 ਦੌੜਾਂ ਅਤੇ ਕਪਤਾਨ ਅਜਿੰਕਿਆ ਰਹਾਨੇ 5 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (26) ਅਤੇ ਸ਼ੁਭਮਨ ਗਿੱਲ (50) ਟੀਮ ਨੂੰ ਚੰਗੀ ਸ਼ੁਰੂਆਤ ਦੇਣ ਮਗਰੋਂ ਆਊਟ ਹੋ ਗਏ।