ਸੰਯੁਕਤ ਰਾਸ਼ਟਰ – ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕਿਹਾ ਕਿ ਬਿ੍ਰਟੇਨ ਵਿਚ ਲੱਭੇ ਗਏ ਕੋਰੋਨਾ ਵਾਇਰਸ ਦਾ ਨਵਾਂ ਰੂਪ 41 ਦੇਸ਼ਾਂ ਵਿਚ ਪਾਇਆ ਗਿਆ ਹੈ। ਡਬਲਯੂ.ਐਚ.ਓ. ਨੇ ਜਾਰੀ ਬਿਆਨ ਵਿਚ ਕਿਹਾ, ‘5 ਜਨਵਰੀ ਤੱਕ, ਬਿ੍ਰਟੇਨ ਵਿਚ ਲੱਭੇ ਗਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ 40 ਹੋਰ ਦੇਸ਼ਾਂ ਵਿਚ 5 ਤੋਂ 6 ਮਾਮਲੇ ਪਾਏ ਗਏ ਹਨ। ਡਬਲਯੂ.ਐਚ.ਓ. ਨੇ ਕਿਹਾ ਕਿ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਅਤੇ 6 ਹੋਰ ਦੇਸ਼ਾਂ ਵਿਚ ਇਸ ਦੇ ਇਸ ਰੂਪ ਦਾ ਪਤਾ ਲੱਗਾ ਸੀ। ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਬਿ੍ਰਟੇਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਘੋਸ਼ਣਾ ਕੀਤੀ ਸੀ, ਜੋ ਕਿ 70 ਫ਼ੀਸਦੀ ਜ਼ਿਆਦਾ ਤੇਜ਼ੀ ਨਾਲ ਫ਼ੈਲਦਾ ਹੈ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਬਿ੍ਰਟੇਨ ਲਈ ਆਪਣੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਸੀ।ਜਿਕਰਯੋਗ ਹੈ ਕਿ ਵਿਸ਼ਵ ਵਿਚ ਕਈ ਸਥਾਨਾਂ ਤੇ ਕੋਵਿਡ-19 ਲਈ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵੱਧਣ ਅਤੇ ਉਸ ਦੇ ਨਵੇਂ ਰੂਪ ਕਾਰਨ ਜਨਵਰੀ ਵਿਚ ਵੀ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਨਹੀਂ ਹੋਣਗੀਆਂ। ਬਿ੍ਰਟੇਨ ਤੋਂ ਲੈ ਕੇ ਜਾਪਾਨ ਤੱਕ, ਜਾਪਾਨ ਤੋਂ ਲੈ ਕੇ ਕੈਲੀਫੋਰਨੀਆ ਤੱਕ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਭਰਤੀ ਕਰਨ ਲਈ ਜਗ੍ਹਾ ਨਹੀਂ ਬਚੀ ਹੈ ਅਤੇ ਕੁੱਝ ਸਰਕਾਰਾਂ ਵਲੋਂ ਫਿਰ ਤਾਲਾਬੰਦੀ ਲਗਾਉਣ ਨਾਲ ਰੋਜ਼ੀ-ਰੋਟੀ ਦਾ ਖ਼ਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ।