ਸ਼੍ਰੀਨਗਰ – ਕਸ਼ਮੀਰ ਘਾਟੀ ਵਿਚ ਭਾਰੀ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਅਤੇ ਮੁਗ਼ਲ ਰੋਡ ਬੰਦ ਰਹਿਣ ਕਾਰਨ ਲਗਾਤਾਰ ਚੌਥੇ ਦਿਨ ਦੇਸ਼ ਦੇ ਬਾਕੀ ਹਿੱਸਿਆਂ ਨਾਲ ਘਾਟੀ ਦਾ ਸੰਪਰਕ ਕੱਟਿਆ ਰਿਹਾ। ਹਵਾਈ ਉਡਾਣਾਂ ਦਾ ਪਰਿਚਾਲਨ ਵੀ ਰੱਦ ਹੈ। ਐਤਵਾਰ ਨੂੰ ਬਰਫ਼ਬਾਰੀ ਸ਼ੁਰੂ ਹੋਈ ਅਤੇ ਹੁਣ ਤੱਕ ਕਈ ਇਲਾਕਿਆਂ ਵਿੱਚ ਬਰਫ਼ ਪੈਣ ਦਾ ਸਿਲਸਿਲਾ ਜਾਰੀ ਹੈ। ਮੌਸਮ ਮਹਿਕਮੇ ਨੇ ਦੱਸਿਆ ਕਿ ਦੁਪਹਿਰ ਬਾਅਦ ਮੌਸਮ ਵਿੱਚ ਕੁਝ ਸੁਧਾਰ ਆਉਣ ਦੀ ਸੰਭਾਵਨਾ ਹੈ। ਟ੍ਰੈਫਿਕ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਤੇ ਆਵਾਜਾਈ ਦੀ ਮੰਜੂਰੀ ਨਹੀਂ ਹੈ, ਕਿਉਂਕਿ ਉੱਥੇ ਬਰਫ਼ ਜਮੀਂ ਹੋਈ ਹੈ ਅਤੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਵਾਹਰ ਸੁਰੰਗ ਨੇੜੇ ਬਰਫ਼ ਜਮ੍ਹਾ ਹੋਣ ਨਾਲ ਹਾਈਵੇਅ ਬੰਦ ਹੈ।ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੋਈ ਹੈ। ਬਰਫ਼ ਹਟਾਉਣ ਦਾ ਕੰਮ ਜਾਰੀ ਹੈ ਅਤੇ 260 ਕਿਲੋਮੀਟਰ ਲੰਬੇ ਹਾਈਵੇਅ ਤੇ ਫਸੇ ਵਾਹਨਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨੰਤਨਾਗ ਜ਼ਿਲ੍ਹੇ ਵਿਚ ਵੀ ਭਾਰੀ ਬਰਫ਼ਬਾਰੀ ਹੋਈ। ਸ਼੍ਰੀਨਗਰ ਸ਼ਹਿਰ ਵਿਚ ਪਿਛਲੇ 3 ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਅਤੇ ਅੰਤਰ-ਜ਼ਿਲ੍ਹਾ ਮਾਰਗਾਂ ਅਤੇ ਜ਼ਿਲ੍ਹਾ ਹੈਡਕੁਆਰਟਰਾਂ ਨੂੰ ਤਹਿਸੀਲ ਨਾਲ ਜੋੜਨ ਵਾਲੇ ਮੁੱਖ ਮਾਰਗਾਂ ਤੇ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਮੁਤਾਬਕ ਬਰਫ਼ਬਾਰੀ ਅਤੇ ਖ਼ਰਾਬ ਵਿਜ਼ੀਬਿਲਟੀ ਦੀ ਵਜ੍ਹਾ ਕਰ ਕੇ ਸ਼੍ਰੀਨਗਰ ਹਵਾਈ ਅੱਡੇ ਤੇ ਚੌਥੇ ਦਿਨ ਵੀ ਜਹਾਜ਼ ਸੇਵਾ ਬਹਾਲ ਨਹੀਂ ਹੋ ਸਕੀ। ਅਗਲੇ 24 ਘੰਟਿਆਂ ਵਿਚ ਜੰਮੂ-ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਹਲਕਾ ਮੀਂਹ ਅਤੇ ਬਰਫ਼ਬਾਰੀ ਪੈ ਸਕਦੀ ਹੈ ਪਰ ਕੱਲ੍ਹ ਤੋਂ 14 ਜਨਵਰੀ ਤੱਕ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ।