ਨਿਊਯਾਰਕ, 29 ਮਈ ਕੋਰੋਨਾ ਵਾਇਰਸ ਕਾਰਨ ਬੋਸਟਨ ਮੈਰਾਥਨ ਨੂੰ ਪਿਛਲੇ 124 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਰੱਦ ਕਰ ਦਿੱਤਾ ਗਿਆ ਹੈ| ਬੋਸਟਨ ਦੇ ਮੇਅਰ ਮਾਰਟੀ ਵਾਲਸ਼ ਨੇ ਕਿਹਾ ਕਿ ਇਹ ਮਸ਼ਹੂਰ ਮੈਰਾਥਨ ਸਿਹਤ ਕਾਰਨਾਂ ਨਾਲ 14 ਸਤੰਬਰ ਨੂੰ ਵੀ ਆਯੋਜਿਤ ਨਹੀਂ ਕੀਤੀ ਜਾਵੇਗੀ| ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਇਸ ਆਯੋਜਨ ਅਪ੍ਰੈਲ ਵਿੱਚ ਹੋਣਾ ਸੀ ਪਰ ਇਸ ਨੂੰ ਸਤੰਬਰ ਤਕ ਮੁਲਤਵੀ ਕਰ ਦਿੱਤਾ ਗਿਆ ਸੀ|
ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕ-ਦੂਜੇ ਦੇ ਕਰੀਬ ਲਿਆਏ ਬਿਨਾ ਦੌੜ ਦਾ ਅਸਲ ਰੂਪ ਬਣਾਏ ਰੱਖਣ ਦਾ ਕੋਈ ਤਰੀਕਾ ਨਹੀਂ ਹੈ| ਜਦਕਿ ਸਾਡਾ ਟੀਚਾ ਅਤੇ ਉਮੀਦਾਂ ਅੱਗੇ ਵਧਣਾ ਅਤੇ ਆਪਣੀ ਅਰਥਵਿਵਸਥਾ ਨੂੰ ਚੋਟੀ ਤੇ ਲਿਆਉਣ ਲਈ ਵਾਇਰਸ ਦੇ ਫੈਲਾਅ ਨੂੰ ਰੋਕਣਾ ਹੈ ਤਦ 14 ਸਤੰਬਰ ਜਾਂ ਸਾਲ ਵਿੱਚ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਪ੍ਰਤੀਯੋਗਿਤਾ ਦਾ ਆਯੋਜਨ ਜ਼ਿੰਮੇਵਾਰੀ ਭਰਿਆ ਨਹੀਂ ਹੋਵੇਗਾ| ਬੋਸਟਨ ਮੈਰਾਥਨ ਦਾ 1897 ਤੋਂ ਲਗਾਤਾਰ ਆਯੋਜਨ ਹੁੰਦਾ ਰਿਹਾ ਹੈ ਅਤੇ ਉਹ ਵਿਸ਼ਵ ਵਿਚ ਸਭ ਤੋਂ ਲੰਬੇ ਸਮੇਂ ਤਕ ਲਗਾਤਾਰ ਚੱਲਣ ਵਾਲੀ ਮੈਰਾਥਨ ਹੈ| ਅਮਰੀਕਾ ਵਿਚ ਇਸ ਸਾਲ ਦੇ ਆਖਿਰ ਵਿਚ 11 ਅਕਤੂਬਰ ਨੂੰ ਸ਼ਿਕਾਗੋ ਮੈਰਾਥਨ ਅਤੇ ਇਕ ਨਵੰਬਰ ਨੂੰ ਨਿਊਯਾਰਕ ਮੈਰਾਥਨ ਦਾ ਆਯੋਜਨ ਹੋਵੇਗਾ| ਇਸ ਦੇ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ|