ਨਵੀਂ ਦਿੱਲੀ – ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਉਹ 8 ਜਨਵਰੀ ਨੂੰ ਹੋਣ ਵਾਲੀ ਵਾਰਤਾ ਦੌਰਾਨ ਮਸਲੇ ਦੇ ਹੱਲ ਲਈ ਆਸਵੰਦ ਹਨ। ਉਨ੍ਹਾਂ ਕਿਹਾ,‘‘ਤਾੜੀ ਦੋਵੇਂ ਹੱਥਾਂ ਨਾਲ ਵਜਦੀ ਹੈ।’’ ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਅੜੇ ਰਹੇ ਜਦਕਿ ਸਰਕਾਰ ਚਾਹੁੰਦੀ ਸੀ ਕਿ ਕਿਸਾਨ ਕਾਨੂੰਨ ’ਚ ਜੁੜੀਆਂ ਖਾਸ ਮੱਦਾਂ ’ਤੇ ਵਾਰਤਾ ਕਰਨ। ਉਂਜ ਉਨ੍ਹਾਂ ਵਾਰਤਾ ਸੁਖਾਵੇਂ ਮਾਹੌਲ ’ਚ ਹੋਣ ਦਾ ਦਾਅਵਾ ਕੀਤਾ। ਸਰਕਾਰ ਅਤੇ ਕਿਸਾਨਾਂ ’ਚ ਭਰੋਸੇ ਦੀ ਕਮੀ ਕਾਰਨ ਵਾਰਤਾ ਕਾਮਯਾਬ ਨਾ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸ੍ਰੀ ਤੋਮਰ ਨੇ ਕਿਹਾ ਕਿ ਜੇਕਰ ਭਰੋਸਾ ਨਾ ਹੁੰਦਾ ਤਾਂ ਕਿਸਾਨ ਗੱਲਬਾਤ ਲਈ ਅੱਗੇ ਨਾ ਆਉਂਦੇ। ਅਗਲੀ ਮੀਟਿੰਗ ਦੌਰਾਨ ਵੀ ਵਾਰਤਾ ਅੱਗੇ ਪੈਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸ੍ਰੀ ਤੋਮਰ ਨੇ ਕਿਹਾ ਕਿ ਹਰ ਕੋਈ ਆਪਣੇ ਢੰਗ ਨਾਲ ਸੋਚ ਸਕਦਾ ਹੈ ਪਰ ਉਨ੍ਹਾਂ ਨੂੰ ਆਸ ਹੈ ਕਿ ਗੱਲਬਾਤ ਰਾਹੀਂ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਸਤੰਬਰ ’ਚ ਤਿੰਨ ਖੇਤੀ ਕਾਨੂੰਨਾਂ ’ਤੇ ਮੋਹਰ ਲਗਾਈ ਸੀ ਜਿਸ ਮਗਰੋਂ ਕਿਸਾਨਾਂ ਵੱਲੋਂ ਇਸ ਨੂੰ ਰੱਦ ਕਰਾਉਣ ਲਈ ਅੰਦੋਲਨ ਕੀਤਾ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀ ਆਮਦਨ ਵਧੇਗੀ ਜਦਕਿ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਹੋ ਜਾਣਗੇ।