ਆਈਸੀਸੀ ਵੱਲੋਂ ਟੈਸਟ ਬੱਲੇਬਾਜ਼ਾਂ ਦੀ ਜਾਰੀ ਦਰਜਬੰਦੀ ’ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਵਿਰਾਟ ਨੇ ਆਪਣਾ ਦੂਜਾ ਸਥਾਨ ਬਰਕਾਰਾਰ ਰੱਖਿਆ ਹੈ ਜਦਕਿ ਕਾਰਜਕਾਰੀ ਕਪਤਾਨ ਅਜਿੰਕਯਾ ਰਹਾਣੇ ਨੇ ਪਹਿਲੇ ਦਸ ਬੱਲੇਬਾਜ਼ਾਂ ’ਚ ਥਾਂ ਬਣਾ ਲਈ ਹੈ। ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਮੈਚ ’ਚ 112 ਅਤੇ 27 ਦੌੜਾਂ ਦੀਆਂ ਪਾਰੀਆਂ ਖੇਡਣ ਸਦਕਾ ਅਜਿੰਕਯਾ ਰਹਾਣੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਗੇਂਦਬਾਜ਼ਾਂ ਵਿਚੋਂ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਮੈਲਬਰਨ ਟੈਸਟ ’ਚ 5 ਵਿਕਟਾਂ ਹਾਸਲ ਕਰਨ ਸਦਕਾ ਦੋ ਸਥਾਨ ਚੜ੍ਹ ਕੇ 7ਵੇਂ ਸਥਾਨ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ।ਹਰਫਨਮੌਲਾ ਖਿਡਾਰੀਆਂ ’ਚ ਭਾਰਤ ਦੇ ਰਵਿੰਦਰ ਜਡੇਜਾ ਨੇ ਆਸਟਰੇਲੀਆ ਖ਼ਿਲਾਫ਼ ਦੁੂਜੇ ਟੈਸਟ ’ਚ ਵਧੀਆ ਪ੍ਰਦਰਸ਼ਨ ਸਦਕਾ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਬੱਲੇਬਾਜ਼ਾਂ ’ਚ ਉਹ 36ਵੇਂ ਅਤੇ ਗੇਂਦਬਾਜ਼ਾਂ ਵਿੱਚ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਮੈਲਬਰਨ ’ਚ ਟੈਸਟ ਕਰੀਅਰ ਸ਼ੁਰੂ ਕਰਨ ਵਾਲੇ ਬੱਲੇਬਾਜ਼ ਸ਼ੁਭਮਨ ਗਿੱਲ 76ਵੇਂ ਅਤੇ ਗੇਂਦਬਾਜ਼ ਮੁਹੰਮਦ ਸਿਰਾਜ 77ਵੇਂ ਸਥਾਨ ’ਤੇ ਹਨ। ਬੱਲੇਬਾਜ਼ ਚੇਤੇਸ਼ਵਰ ਪੁਜਾਰਾ 8ਵੇਂ ਸਥਾਨ ਤੋਂ ਖਿਸਕ ਕੇ 10ਵੇਂ ਸਥਾਨ ’ਤੇ ਚਲਾ ਗਿਆ ਹੈ।