ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਦਾ ਅੱਜ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ। ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਜਾ (75) ਨੂੰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 4 ਦਿਨ ਪਹਿਲਾਂ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਅੱਜ ਸੰਤੋਸ਼ ਸ਼ੈਲਜਾ ਨੇ ਆਖਰੀ ਸਾਹ ਲਿਆ। ਕਾਂਗੜਾ ਦੇ ਸੀ. ਐਮ. ਓ. ਡਾਕਟਰ ਗੁਰਦਰਸ਼ਨ ਗੁਪਤਾ ਨੇ ਸ਼ਾਂਤਾ ਦੀ ਪਤਨੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ।ਜਿਕਰਯੋਗ ਹੈ ਕਿ ਇਕ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਸ਼ਾਂਤਾ ਕੁਮਾਰ ਪਰਿਵਾਰ ਸਮੇਤ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਵਿੱਚ ਦਾਖ਼ਲ ਹੋਏ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤਾ ਕੁਮਾਰ ਦਾ ਫੋਨ ਤੇ ਹਾਲ-ਚਾਲ ਪੁੱਛਿਆ ਸੀ। ਉੱਥੇ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਸ਼ਾਂਤਾ ਕੁਮਾਰ ਨਾਲ ਗੱਲ ਕਰ ਕੇ ਉਨ੍ਹਾਂ ਦਾ ਹਾਲ ਜਾਣਿਆ ਸੀ।ਸ਼ਾਂਤਾ ਕੁਮਾਰ ਨੇ ਹਸਪਤਾਲ ਤੋਂ ਹੀ ਆਪਣੇ ਫੇਸਬੁੱਕ ਪੇਜ਼ ਤੇ ਇਕ ਭਾਵੁਕ ਪੋਸਟ ਵੀ ਲਿਖੀ ਸੀ। ਉਹਨਾਂ ਲਿਖਿਆ ਸੀ ਕਿ ਮੇਰਾ ਪੂਰਾ ਪਰਿਵਾਰ ਕੋਰੋਨਾ ਆਫ਼ਤ ਮੋੜ ਤੇ ਖੜ੍ਹਾ ਹੋਇਆ ਹੈ। ਮੈਂ ਹੀ ਕਿਉਂ ਅੱਜ ਪੂਰੀ ਦੁਨੀਆ ਇਸ ਤ੍ਰਾਸਦੀ ਨਾਲ ਜੂਝ ਰਹੀ ਹੈ। ਦੁਨੀਆ ਦੇ ਇਤਿਹਾਸ ਦਾ ਇਹ ਪਹਿਲਾ ਸੰਕਟ ਪਤਾ ਨਹੀਂ ਕਦੋਂ ਟਲੇਗਾ। ਉਨ੍ਹਾਂ ਇਹ ਵੀ ਲਿਖਿਆ ਕਿ ਮੇਰੀ ਧਰਮ ਪਤਨੀ ਤਿੰਨ ਦਿਨਾਂ ਤੋਂ ਕੋਰੋਨਾ ਪੀੜਤ ਹੈ ਅਤੇ ਟਾਂਡਾ ਹਸਪਤਾਲ ਵਿੱਚ ਹੈ, ਅੱਜ ਮੈਂ ਵੀ ਇੱਥੇ ਉਨ੍ਹਾਂ ਕੋਲ ਆ ਗਿਆ। ਤਿੰਨ ਦਿਨ ਬਾਅਦ ਮੈਨੂੰ ਵੇਖ ਕੇ ਉਹ ਮੁਸਕਰਾਈ ਅਤੇ ਨਮ ਅੱਖਾਂ ਨਾਲ ਅਸੀਂ ਇਕ-ਦੂਜੇ ਨੂੰ ਵੇਖਿਆ। ਉਸ ਦਾ ਇਲਾਜ ਚੱਲ ਰਿਹਾ ਹੈ।