ਨਵੀਂ ਦਿੱਲੀ – ਤਮਿਲ ਸੁਪਰਸਟਾਰ ਰਜਨੀਕਾਂਤ ਨੇ ਰਾਜਨੀਤੀ ਵਿੱਚ ਨਾ ਆਉਣ ਦਾ ਫੈਸਲਾ ਕੀਤਾ ਹੈ। ਰਜਨੀਕਾਂਤ ਨੇ ਇਕ ਲੰਬੀ ਚਿੱਠੀ ਵਿੱਚ ਸਿਹਤ ਮੁੱਦਿਆਂ ਵੱਲ ਇਸ਼ਾਰਾ ਕਰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈਣ ਦਾ ਐਲਾਨ ਕੀਤਾ ਹੈ। ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਆਪਣੇ ਫੈਸਲੇ ਤੋਂ ਪਿੱਛੇ ਹਟਣ ਤੇ ਮੈਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਵੇਗਾ ਪਰ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਕਿਸੇ ਮੁਸੀਬਤ ਦੀ ਸਥਿਤੀ ਵਿੱਚ ਨਹੀਂ ਰੱਖਣਾ ਚਾਹੁੰਦਾ। ਮੈਂ ਹੁਣ ਵੈਕਸੀਨ ਤੋਂ ਬਾਅਦ ਵੀ ਸਿਹਤ ਨੂੰ ਸੰਭਾਲ ਪਾਉਣ ਵਿੱਚ ਸਮਰੱਥ ਹਾਂ। ਰਜਨੀਕਾਂਤ ਨੇ ਕਿਹਾ ਕਿ ਮੈਂ ਚੋਣਾਵੀ ਰਾਜਨੀਤੀ ਵਿੱਚ ਉਤਰੇ ਬਿਨਾਂ ਲੋਕਾਂ ਦੀ ਸੇਵਾ ਕਰਾਂਗਾ।ਰਜਨੀਕਾਂਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਵਿੱਚ ਜੋ ਗਿਰਾਵਟ ਆਈ ਹੈ, ਉਹ ਇਸ ਨੂੰ ਭਗਵਾਨ ਦੀ ਚਿਤਾਵਨੀ ਮੰਨਦੇ ਹਨ ਅਤੇ ਰਾਜਨੀਤਕ ਪਾਰਟੀ ਨਾ ਬਣਾਉਣ ਦਾ ਫੈਸਲਾ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਉਹ ਅਜਿਹਾ ਨਹੀਂ ਚਾਹੁੰਦੇ ਹਨ ਕਿ ਲੋਕ ਇਹ ਸਮਝਣ ਕਿ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਤਾਮਿਲਨਾਡੂ ਵਿੱਚ ਅਪ੍ਰੈਲ-ਮਈ 2021 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਿਛਲੇ ਮਹੀਨੇ ਰਜਨੀਕਾਂਤ ਨੇ ਕਿਹਾ ਸੀ ਕਿ 2016 ਵਿੱਚ ਅਮਰੀਕਾ ਵਿੱਚ ਉਨ੍ਹਾਂ ਦਾ ਗੁਰਦਾ ਟਰਾਂਸਪਲਾਂਟ ਹੋ ਚੁੱਕਿਆ ਹੈ ਅਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਡਾਕਟਰ ਰਾਜਨੀਤੀ ਵਿੱਚ ਉਨ੍ਹਾਂ ਦੇ ਪ੍ਰਵੇਸ਼ ਦੇ ਵਿਰੁੱਧ ਹਨ।