ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਸੂੁਬਾਈ ਵਿਧਾਨ ਸਭਾ ਦੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। 31 ਦਸੰਬਰ ਦੇ ਸੈਸ਼ਨ ਵਿਚ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ’ਤੇ ਵਿਚਾਰ ਕਰ ਕੇ ਇਨ੍ਹਾਂ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇਗਾ। ਰਾਜ ਭਵਨ ਦੇ ਸੂਤਰਾਂ ਮੁਤਾਬਕ ਸੀਪੀਆਈ-ਐਮ ਦੀ ਅਗਵਾਈ ਵਾਲੀ ਐਲਡੀਐਫ ਸਰਕਾਰ ਦੀ ਸੈਸ਼ਨ ਬਾਰੇ ਤਾਜ਼ਾ ਤਜਵੀਜ਼ ਰਾਜਪਾਲ ਨੇ ਸਵੀਕਾਰ ਕਰ ਲਈ ਹੈ। ਜਦਕਿ ਇਸ ਤੋਂ ਪਹਿਲੀ ਤਜਵੀਜ਼ ਖਾਰਜ ਕਰ ਦਿੱਤੀ ਗਈ ਸੀ। 31 ਦਸੰਬਰ ਦੇ ਸੈਸ਼ਨ ਲਈ ਵੀ ਰਾਜਪਾਲ ਨੇ ਕੁਝ ਸਪੱਸ਼ਟੀਕਰਨ ਮੰਗੇ ਸਨ ਤੇ ਸਰਕਾਰ ਨੇ ਮੁਹੱਈਆ ਕਰਵਾ ਦਿੱਤੇ ਹਨ। ਸੈਸ਼ਨ ਇਕ ਘੰਟੇ ਦਾ ਹੋਵੇਗਾ ਤੇ ਸਵੇਰੇ ਨੌਂ ਵਜੇ ਸ਼ੁਰੂ ਹੋਵੇਗਾ।