ਕੈਲੀਫੋਰਨੀਆਂ – ਕੈਲੀਫੋਰਨੀਆਂ ਸੂਬੇ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਦੇ ਮਾਮਲਿਆਂ ਦਾ ਵਾਧਾ ਲਗਾਤਾਰ ਜਾਰੀ ਹੈ। ਰਾਜ ਦੀ ਲਾਸ ਏਂਜਲਸ ਕਾਉਂਟੀ ਵਿੱਚ ਕੋਰੋਨਾਂ ਵਾਇਰਸ ਦੇ ਕੇਸਾਂ ਅਤੇ ਇਸ ਨਾਲ ਸਬੰਧਤ ਮੌਤਾਂ ਦੀ ਗਿਣਤੀ ਇਸ ਹਫਤੇ ਦੇ ਦੋ ਦਿਨਾਂ ਵਿੱਚ ਲਗਾਤਾਰ ਵੱਧ ਹੋਈ ਹੈ।ਇਸ ਸੰਬੰਧੀ ਸਿਹਤ ਅਧਿਕਾਰੀਆਂ ਦੁਆਰਾ ਸ਼ਨੀਵਾਰ ਨੂੰ ਤਕਰੀਬਨ 30,000 ਨਵੇਂ ਮਾਮਲਿਆਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸਦੇ ਤਹਿਤ ਅਧਿਕਾਰੀਆਂ ਨੇ ਕ੍ਰਿਸਮਸ ਦਿਵਸ ਅਤੇ ਸ਼ਨੀਵਾਰ ਨੂੰ ਮਿਲਾ ਕੇ ਕੁੱਲ 29,423 ਨਵੇਂ ਕੋਰੋਨਾਂ ਵਾਇਰਸ ਦੇ ਮਾਮਲੇ ਦਰਜ ਕੀਤੇ ਹਨ।ਇਸ ਦੌਰਾਨ ਸ਼ੁੱਕਰਵਾਰ ਦੇ ਕੇਸ ਖੇਤਰ ਵਿਚ ਇੰਟਰਨੈਟ ਸੇਵਾ ਵਿੱੱਚ ਵਿਘਨ ਪੈਣ ਕਾਰਨ ਇੱੱਕ ਦਿਨ ਦੀ ਦੇਰੀ ਨਾਲ ਦਰਜ ਹੋਏ ਹਨ। ਇਸਦੇ ਇਲਾਵਾ ਸਥਾਨਕ ਸਿਹਤ ਏਜੰਸੀਆਂ ਨੇ ਵੀ ਦੋ ਦਿਨਾਂ ਦੀ ਮਿਆਦ ਵਿੱਚ ਤਕਰੀਬਨ 136 ਮੌਤਾਂ ਦੀ ਪੁਸ਼ਟੀ ਕੀਤੀ ਹੈ,ਇਹਨਾਂ ਅੰਕੜਿਆਂ ਨਾਲ ਲਾਸ ਏਂਜਲਸ ਕਾਉਂਟੀ ਵਿੱਚ ਹੁਣ ਕੁੱਲ 707,000 ਤੋਂ ਵੱਧ ਕੋਰੋਨਾਂ ਵਾਇਰਸ ਦੀ ਲਾਗ ਦੇ ਮਾਮਲੇ ਅਤੇ 9,440 ਤੋਂ ਵੱਧ ਮੌਤਾਂ ਦੀ ਗਿਣਤੀ ਦਰਜ਼ ਹੋਈ ਹੈ। ਕਾਉਂਟੀ ਵਿੱਚ ਵਧ ਰਹੇ ਕੋਰੋਨਾਂ ਮਾਮਲਿਆਂ ਨਾਲ ਖੇਤਰ ਦੇ ਸਾਰੇ ਹਸਪਤਾਲ ਸਿਹਤ ਸਹੂਲਤਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।ਕੁੱਝ ਹਸਪਤਾਲ ਆਕਸੀਜਨ ਸਪਲਾਈ ਦੀ ਘਾਟ ਅਤੇ ਐਮਰਜੈਂਸੀ ਕਮਰਿਆਂ ‘ਚ ਮਰੀਜ਼ਾਂ ਦੀ ਭੀੜ ਦਾ ਸਾਹਮਣਾ ਵੀ ਕਰ ਰਹੇ ਹਨ।ਲਾਸ ਏਂਜਲਸ ਕਾਉਂਟੀ ਦੇ ਹਸਪਤਾਲਾਂ ਵਿੱਚ ਕੋਰੋਨਾਂ ਵਾਇਰਸ ਕਰਕੇ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6,815 ਹੋ ਗਈ ਹੈ ਜੋ ਕਿ ਥੈਂਕਸਗਿਵਿੰਗ ਦੌਰਾਨ 1,951 ਸੀ ਅਤੇ ਕ੍ਰਿਸਮਸ ਦੇ ਦਿਨ ਖੇਤਰ ਦੇ ਹਸਪਤਾਲਾਂ ਵਿੱਚ ਆਈ ਸੀ ਯੂ ਵਿੱਚ ਵੀ 1,368 ਮਰੀਜ਼ ਕੋਰੋਨਾਂ ਕਰਕੇ ਦਾਖਲ ਸਨ।ਕੋਰੋਨਾਂ ਵਾਇਰਸ ਦੀ ਲਾਗ ਦੇ ਮਾਮਲਿਆਂ ਸੰਬੰਧੀ ਪੂਰੇ ਕੈਲੀਫੋਰਨੀਆਂ 2.1 ਮਿਲੀਅਨ ਕੇਸ ਅਤੇ ਸ਼ਨੀਵਾਰ ਨੂੰ 24,000 ਤੋਂ ਵੱਧ ਮੌਤਾਂ ਨੂੰ ਦਰਜ਼ ਕੀਤਾ ਹੈ।