ਨਵੀ ਦਿੱਲੀ – ਖੇਤੀ ਕਾਨੂੰਨਾਂ ਨੂੰ ਲੈ ਕੇ ਕੇਦਰ ਸਰਕਾਰ ਵਲੋ ਬੀਤੇ ਦਿਨੀ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਭੇਜੇ ਗਏ ਸੱਦਾਪੱਤਰ ਬਾਰੇ ਕਿਸਾਨ ਜੱਥੇਬੰਦੀਆਂ ਨੇ ਕਿਹਾ ਹੈ ਕਿ ਇਹ ਕੋਈ ਸੱਦਾ ਪੱਤਰ ਨਹੀ ਹੈ ਬਲਕਿ 5 ਸਫਿਆਂ ਦੀ ਇਕ ਚਿੱਠੀ ਹੈ। ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਦੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸੋਧ ਦੇ ਘੇਰੇ ਵਿਚ ਰਹਿ ਕੇ ਤੁਸੀ ਗੱਲ ਕਰਨ ਆਉਣਾ ਹੈ, ਇਸ ਲਈ ਥਾਂ ਵੀ ਤੁਹਾਡੀ ਹੋਵੇਗੀ ਅਤੇ ਤਾਰੀਖ਼ ਵੀ ਤੁਹਾਡੀ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੱਦਾ ਨਹੀ ਹੈ ਬਲਕਿ ਸਰਕਾਰ ਦੀਆਂ ਚਾਲਬਾਜੀਆਂ ਹਨ ਤਾਂ ਜੋ ਇਹ ਸਾਬਿਤ ਕੀਤਾ ਜਾ ਸਕੇ ਕਿ ਸਰਕਾਰ ਤਾਂ ਗੱਲਬਾਤ ਲਈ ਤਿਆਰ ਹੈ ਪਰ ਕਿਸਾਨ ਹੀ ਨਹੀ ਜਾ ਰਹੇ। ਉਹਨਾਂ ਕਿਹਾ ਕਿ ਗੋਦੀ ਮੀਡੀਆ ਤੋ ਵੀ ਇਹੀ ਪ੍ਰਚਾਰ ਕਰਵਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਤੇ ਕੇਦਰ ਸਰਕਾਰ ਦੀਆਂ ਦਲੀਲਾਂ ਫੋਕੀਆਂ ਹਨ ਅਤੇ ਸਰਕਾਰ ਇਸ ਗੱਲ ਤੇ ਅੜੀ ਹੈ ਕਿ ਉਹ ਖੇਤੀ ਕਾਨੂੰਨ ਵਾਪਸ ਨਹੀ ਲਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਦਰ ਸਰਕਾਰ ਤਾਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿਦੇਸ਼ੀ ਫ਼ੰਡਿੰਗ ਦੇ ਨਾਂ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆੜ੍ਹਤੀਆਂ ਤੇ ਇਨਕਮ ਟੈਕਸ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸਦਾ ਉਹ ਵਿਰੋਧ ਕਰਦੇ ਹਨ। ਆਗੂਆਂ ਨੇ ਸਵਾਲ ਕੀਤਾ ਕਿ ਉਹਨਾਂ ਤੇ ਸਵਾਲ ਚੁੱਕਣ ਵਾਲੀ ਸਰਕਾਰ ਦੱਸੇ ਕਿ ਕੀ ਚੋਣਾਂ ਦੌਰਾਨ ਖ਼ਰਚੇ ਗਏ ਪੈਸੇ ਦਾ ਸਰਕਾਰ ਨੇ ਕਦੇ ਹਿਸਾਬ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪੰਜਾਬੀਆਂ ਨੇ ਭਾਜਪਾ ਦਾ ਸਮਾਜਿਕ ਬਾਈਕਾਟ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਸ਼ੋਸ਼ੇਬਾਜੀ ਕਰਨ ਦੀ ਥਾਂ ਗੰਭੀਰਤਾ ਵਿਖਾਏ ਅਤੇ ਜੇਕਰ ਸਰਕਾਰ ਨੇ ਕੋਈ ਗੱਲਬਾਤ ਕਰਨੀ ਹੈ ਤਾਂ ਤਾਰੀਖ ਵੀ ਦੱਸੇ ਅਤੇ ਥਾਂ ਦੀ ਵੀ ਜਾਣਕਾਰੀ ਦੇਵੇ ਵਰਨਾ ਜਿੱਥੇ ਗੱਲ ਟੁੱਟੀ ਸੀ, ਉੱਥੇ ਹੀ ਖੜ੍ਹੀ ਹੈ।