ਬਠਿੰਡਾ,1ਨਵੰਬਰ2021: ਭਾਰਤ ਪਾਕਿਸਤਾਨ ਕ੍ਰਿਕਟ ਮੈਚ ਕਾਰਨ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ’ਚ ਪੜ੍ਹ ਰਹੇ ਕਸ਼ਮੀਰੀ ਅਤੇ ਯੂਪੀ ਤੇ ਬਿਹਾਰ ਨਾਲ ਸਬੰਧਤ ਵਿਦਿਆਰਥੀਆਂ ਵਿਚਕਾਰ ਹੋਏ ਟਕਾਰਅ ਦਾ ਮਸਲਾ ਸੁਲਝ ਗਿਆ ਹੈ। ਬਾਬਾ ਫਰੀਦ ਗਰੁੱਪ ਨੇ ਦੋਵਾਂ ਧਿਰਾਂ ’ਚ ਪੈਦਾ ਹੋਏ ਵਿਵਾਦ ਉਪਰੰਤ ਇੰਨ੍ਹਾਂ ਚਾਰ ਵਿਦਿਆਰਥੀਆਂ ਕੁਮਾਰ ਕਾਰਤੀਕੇ ਓਝਾ, ਆਯੂਸ਼ ਕੁਮਾਰ ਤਿਵਾੜੀ,ਉਜਵਲ ਪਾਂਡੇ ਅਤੇ ਆਯੂਸ਼ ਕੁਮਾਰ ਜੈਸਵਾਲ ਨੂੰ ਹੋਸਟਲ ਛੱਡਣ ਲਈ ਨੋਟਿਸ ਜਾਰੀ ਕਰ ਦਿੱਤੇ ਸਨ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਅੱਜ ਇਸ ਸਬੰਧ ’ਚ ਪ੍ਰੈਸ ਬਿਆਨ ਜਾਰੀ ਕਰਦਿਆਂ ਸੰਸਥਾ ਵੱਲੋਂ ਜਾਰੀ ਪੱਤਰ ਦੀ ਕਾਪੀ ਵੀ ਮੀਡੀਆ ਨੂੰ ਭੇਜੀ ਹੈ। ਬਾਬਾ ਫਰੀਦ ਗਰੁੱਪ ਦੇ ਇਸ ਪੱਤਰ ਅਨੁਸਾਰ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਬਣਾਈ ਜਾਂਚ ਕਮੇਟੀ ਵੱਲੋਂ ਪੂਰੀ ਡੂੰਘਾਈ ਨਾਲ ਕੀਤੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਚਾਰਾਂ ਵਿਦਿਆਰਥੀਆਂ ਨੂੰ ਹੋਸਟਲ ’ਚ ਰਹਿਣ ਲਈ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੂਬਾ ਆਗੂ ਸੌਰਭ ਕਪੂਰ, ਵਿਰਿਸ਼ ਬਹਿਲ ਅਤੇ ਕੇਸ਼ਵ ਨੇ ਦੱਸਿਆ ਕਿ ਉਨ੍ਹਾਂ ਨੇ ਇੰਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਸਾਰੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਏ ਬੀ ਵੀ ਪੀ ਦਾ ਇੱਕ ਵਫਦ ਕਾਲਜ ਪ੍ਰਸ਼ਾਸ਼ਨ ਨੂੰ ਮਿਲਿਆ ਅਤੇ ਵਿਦਿਆਰਥੀਆਂ ਨੂੰ ਕੱਢਣ ਬਾਰੇ ਵਿਰੋਧ ਜਤਾਇਆ ਸੀ ਸੀ। ਸੌਰਭ ਕਪੂਰ ਨੇ ਦੱਸਿਆ ਕਿ ਕਾਲਜ ਅਧਿਕਾਰੀਆਂ ਨੇ ਦੋਵਾਂ ਪੱਖਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰ ਲਿਆ ਅਤੇ ਪਹਿਲਾਂ ਜਾਰੀ ਪੱਤਰ ਵਾਪਿਸ ਲੈ ਲਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਕਿਸੇ ਵੀ ਮਾਮਲਾ ਦੀ ਵਿਰੋਧਤਾ ਕਰਨ ਦਾ ਸੱਦਾ ਦਿੱਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਏ ਬੀ ਵੀ ਪੀ ਪ੍ਰਵਾਸੀ ਵਿਦਿਆਰਥੀਆਂ ਦੇ ਪੂਰੀ ਤਰਾਂ ਨਾਲ ਖੜ੍ਹੇਗੀ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਰ ਹੋਏ ਕ੍ਰਿਕਟ ਮੈਚ ਦੌਰਾਨ ਪਾਕਿਸਤਾਨ ਦੇ ਜਿੱਤ ਜਾਣ ਕਾਰਨ ਕਸ਼ਮੀਰੀ ਮੂਲ ਦੇ ਵਿਦਿਆਰਥੀਆਂ ਨੇ ਜਸ਼ਨ ਮਨਾਇਆ ਸੀ ਜਿਸ ਦਾ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਵਿਦਿਆਰਥੀਆਂ ਨੇ ਵਿਰੋਧ ਕਰ ਦਿੱਤਾ। ਪਤਾ ਲੱਗਿਆ ਹੈ ਕਿ ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਤਿੱਖੀਆਂ ਝੜਪਾਂ ਵੀ ਹੋਈਆਂ ਸਨ ਜਿਸ ਦੀ ਫੁਟੇਜ਼ ਸਾਹਮਣੇ ਆਉਣ ਤੇ ਪ੍ਰਬੰਧਕਾਂ ਨੇ ਚਾਰ ਵਿਦਿਆਰਥੀ ਹੋਸਟਲ ਵਿੱਚੋਂ ਕੱਢ ਦਿੱਤੇ ਸਨ।
ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਚਾਰਾਂ ਵਿਦਿਆਰਥੀਆਂ ਨੂੰ ਹੋਸਟਲ ਛੱਡਣ ਲਈ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਸੀਸੀਟੀਵੀ ਫੁਟੇਜ਼ ’ਚ ਇੱਕ ਵਿਦਿਆਰਥੀ ਦੇ ਹੱਥ ‘ਚ ਲਾਠੀ ਦੇਖਣ ਤੋਂ ਇਹ ਕਾਰਵਾਈ ਕਰਨ ਦੀ ਗੱਲ ਆਖੀ ਸੀ। ਮਾਮਲਾ ਮੀਡੀਆ ’ਚ ਉੱਛਲਣ ਤੋਂ ਇਲਾਵਾ ਭਾਜਪਾ ਲੀਡਰ ਕਮਿਲ ਮਿਸ਼ਰਾ ਵੱਲੋਂ ਟਵੀਟ ਕਰਕੇ ਵਿਰੋਧ ਜਤਾਉਣ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਵਿਰੋਧਤਾ ਕਰਨ ਉਪਰੰਤ ਸੰਸਥਾ ਨੇ ਤਾਜਾ ਫੈਸਲਾ ਲਿਆ ਹੈ।