ਕਿਹਾ, ਸਰਕਾਰੀ ਪ੍ਰੋਗਰਾਮਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਯੋਗਦਾਨ ਪਾਉਣਗੀਆਂ ਸੁਪਰਵਾਈਜ਼ਰਾਂ
ਚੰਡੀਗੜ – ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰ ਕੇ ਵੱਧ ਅਖਤਿਆਰ ਦੇਣ ਦੀ ਪਹਿਲਕਦਮੀ ਤਹਿਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ 34 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਤੋਂ ਇਕ ਮਹੀਨਾ ਪਹਿਲਾਂ ਵੀ 362 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ।ਸਮਾਗਮ ਦੌਰਾਨ ਐਕਸ ਸਰਵਿਸਮੈਨ ਤੇ ਖੇਡ ਕੋਟੇ ਵਿੱਚੋਂ ਤਰੱਕੀ ਹਾਸਲ ਇਨਾਂ 34 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਵਿਭਾਗ ਵਿੱਚ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਵਰਕਰਾਂ ਨੂੰ ਤਰੱਕੀ ਦੇ ਕੇ ਸੁਪਰਵਾਈਜ਼ਰ ਬਣਾਉਣ ਨਾਲ ਨਾ ਸਿਰਫ਼ ਵਿਭਾਗ ਨੂੰ ਮਜ਼ਬੂਤੀ ਮਿਲੇਗੀ, ਸਗੋਂ ਸੂਬੇ ਦੀ ਨਵੀਂ ਪੀੜੀ ਨੂੰ ਪੌਸ਼ਟਿਕ ਖੁਰਾਕ ਤੇ ਸਿਹਤਮੰਦ ਵਾਤਾਵਰਣ ਦੇਣ ਵਿੱਚ ਮਦਦ ਤੋਂ ਇਲਾਵਾ ਸੂਬੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਸਮਾਂਬੱਧ ਜਾਣਕਾਰੀ ਦੇਣ ਵਿੱਚ ਵੀ ਇਹ ਸੁਪਰਵਾਈਜ਼ਰ ਅਹਿਮ ਯੋਗਦਾਨ ਪਾਉਣਗੀਆਂ। ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਅਤੇ ਪੰਚਾਇਤੀ ਚੋਣਾਂ ਵਿੱਚ 50 ਫੀਸਦੀ ਸੀਟਾਂ ਰਾਖਵੀਆਂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਲੱਖ ਨੌਕਰੀਆਂ ਸਰਕਾਰੀ ਖੇਤਰ ਵਿੱਚ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਸੰਯੁਕਤ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਗੁਰਜਿੰਦਰ ਸਿੰਘ ਮੌੜ ਵੀ ਮੌਜੂਦ ਸਨ। ਸ੍ਰੀਮਤੀ ਅਰੁਨਾ ਚੌਧਰੀ ਨੇ ਔਰਤਾਂ ਨੂੰ ਲੋਕ ਸੇਵਾ ਲਈ ਸਿਆਸਤ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਔਰਤਾਂ ਦੇ ਸ਼ਕਤੀਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਮਦਦ ਮਿਲੇਗੀ।ਕੈਬਨਿਟ ਮੰਤਰੀ ਨੇ ਸਪੱਸ਼ਟ ਕਿਹਾ ਕਿ ਮੁੱਖ ਮੰਤਰੀ ਦੇ ਉਦੇਸ਼ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਖ਼ਾਲੀ ਆਸਾਮੀਆਂ ਭਰੀਆਂ ਜਾ ਰਹੀਆਂ ਹਨ।