ਕੈਲੇਫੋਰਨੀਆ – ਕੈਲੇਫੋਰਨੀਆ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਕੋਰੋਨਾ ਵਾਇਰਸ ਕਾਰਨ ਦੂਜੀ ਵਾਰ ਸੁਰੱਖਿਆ ਕਾਰਨਾਂ ਕਰਕੇ ਇਕਾਂਤਵਾਸ ਹੋ ਰਹੇ ਹਨ।ਇਸ ਸੰਬੰਧੀ ਰਾਜਪਾਲ ਦੇ ਦਫ਼ਤਰ ਨੇ ਐਤਵਾਰ ਸ਼ਾਮ ਨੂੰ ਐਲਾਨ ਕਰਦਿਆਂ ਦੱਸਿਆ ਕਿ ਗੈਵਿਨ ਨਿਊਸਮ ਆਪਣੇ ਦਫ਼ਤਰ ਦੇ ਇੱਕ ਕੋਵਿਡ -19 ਦਾ ਪਾਜ਼ੀਟਿਵ ਕਰਨ ਵਾਲੇ ਸਟਾਫ ਮੈਂਬਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਲੱਗ ਹੋ ਰਹੇ ਹਨ,ਹਾਲਾਂਕਿ ਗਵਰਨਰ ਅਤੇ ਹੋਰ ਸਟਾਫ ਮੈਂਬਰ ਜੋ ਕਿ ਕੋਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਸਨ ,ਨੇ ਐਤਵਾਰ ਨੂੰ ਵਾਇਰਸ ਦਾ ਨੈਗੇਟਿਵ ਟੈਸਟ ਕੀਤਾ ਹੈ।ਜਾਣਕਾਰੀ ਅਨੁਸਾਰ ਨਿਊਸਮ ਨੂੰ ਇਸ ਮਹਾਂਮਾਰੀ ਦੌਰਾਨ ਦੂਜੀ ਵਾਰ ਇਕਾਂਤਵਾਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਤੋਂ ਪਹਿਲਾਂ ਵੀ ਗਵਰਨਰ ਅਤੇ ਉਸਦਾ ਪਰਿਵਾਰ ਦੋ ਹਫ਼ਤਿਆਂ ਲਈ ਅਲੱਗ ਰਹੇ ਸਨ, ਕਿਉਂਕਿ ਉਸ ਮੌਕੇ ਨਿਊਸਮ ਦੇ ਬੱਚੇ ਕੈਲੇਫੋਰਨੀਆ ਦੇ ਇੱਕ ਕੋਰੋਨਾ ਪ੍ਰਭਾਵਿਤ ਹਾਈਵੇਅ ਪੈਟ੍ਰੋਲ ਅਧਿਕਾਰੀ ਦੇ ਸੰਪਰਕ ਵਿੱਚ ਆਏ ਸਨ। ਕੈਲੇਫੋਰਨੀਆ ਗਵਰਨਰ ਇਸ ਵਾਰ ਰਾਜ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ 10 ਦਿਨਾਂ ਲਈ ਕੁਆਰੰਟੀਨ ਹੋਣਗੇ।ਗਵਰਨਰ ਦਫ਼ਤਰ ਦੇ ਅਨੁਸਾਰ ਇਸ ਮਹੀਨੇ ਦਫ਼ਤਰ ਦੇ ਦੋ ਹੋਰ ਸਟਾਫ਼ ਮੈਂਬਰਾਂ ਨੇ ਵੀ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਸੀ ਪਰ ਉਨ੍ਹਾਂ ਵਿੱਚੋਂ ਕਿਸੇ ਦਾ ਰਾਜਪਾਲ ਨਾਲ ਨੇੜਲਾ ਸੰਪਰਕ ਨਹੀਂ ਹੋਇਆ ਸੀ।ਇਸ ਸਮੇਂ ਕੈਲੇਫੋਰਨੀਆ ਦੇ ਜਨ ਸਿਹਤ ਵਿਭਾਗ ਦੇ ਅਨੁਸਾਰ ਪਿਛਲੇ ਹਫ਼ਤੇ ਰਾਜ ਦੀ ਕੋਰੋਨਾ ਟੈਸਟ ਪਾਜੀਟਿਵ ਦਰ 11.7% ਤੇ ਪਹੁੰਚ ਗਈ ਹੈ ਜਦੋਂ ਕਿ ਹਸਪਤਾਲਾਂ ਵਿੱਚ ਉਪਲੱਬਧ ਇੰਟੈਂਸਿਵ ਕੇਅਰ ਯੂਨਿਟ ਦੀ ਸਮਰੱਥਾ ਘੱਟ ਕੇ 2.1% ਰਹਿ ਗਈ ਹੈ।