ਚੰਡੀਗੜ – ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਆਖਰੀ ਦਿਨ ਮਸ਼ਹੂਰ ਕਲਾਕਾਰ ਮੇਜਰ ਬਿਕਰਮਜੀਤ ਕੰਵਰਪਾਲ ਨਾਲ ਗੱਲਬਾਤ ਦੌਰਾਨ ਜ਼ੋਰ ਦਿੰਦਿਆਂ ਕਿਹਾ ਕਿ ਰੇਲਵੇ ਸਮੇਤ ਬਸਤੀਵਾਦੀ ਸਾਸ਼ਨ ਵਿੱਚ ਕੀਤੇ ਗਏ ਬੁਨਿਆਦੀ ਢਾਂਚੇ ਦਾ ਵਿਕਾਸ ਮਹਿਜ਼ ਅੰਗਰੇਜ਼ਾਂ ਦੇ ਹਿੱਤਾਂ ਦੀ ਪੂਰਤੀ ਲਈ ਹੋਇਆ ਸੀ।ਉਹਨਾਂ ਕਿਹਾ, “ਅੰਗਰੇਜ਼ਾਂ ਵਲੋਂ ਇਹ ਦਲੀਲ ਦਿੱਤੀ ਗਈ ਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਭਿਆਸਾਂ ਨੂੰ ਪਿੱਛੇ ਛੱਡ ਗਏ ਜਿਨਾਂ ਦਾ ਭਾਰਤ ਨੂੰ ਫਾਇਦਾ ਹੋਇਆ ਪਰ ਸਮੱਸਿਆ ਇਹ ਹੈ ਕਿ ਇਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਭਾਰਤ ਦੇ ਹਿੱਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅੰਗਰੇਜ਼ਾਂ ਵਲੋਂ ਬਣਾਈ ਹਰ ਇਕ ਚੀਜ਼ ਜਿਸ ਦੀ ਉਹ ਗੱਲ ਕਰਦੇ ਹਨ ਸਿਰਫ਼ ਅੰਗਰੇਜ਼ਾਂ ਦੇ ਹਿੱਤਾ ਦੀ ਪੂਰਤੀ ਲਈ ਉਹਨਾਂ ਦੇ ਸ਼ਾਸਨ ਅਤੇ ਲਾਭਾਂ ਵਿਚ ਵਾਧਾ ਕਰਨ ਲਈ ਬਣਾਈ ਗਈ ਸੀ।ਸ਼੍ਰੀ ਥਰੂਰ ਨੇ ਕਿਹਾ ਕਿ ਰੇਲਵੇ ਸਭ ਤੋਂ ਉੱਤਮ ਉਦਾਹਰਣ ਹੈ ਕਿਉਂਕਿ ਇਹ ਸਿਰਫ ਸਮਗਰੀ ਨੂੰ ਬੰਦਰਗਾਹਾਂ ਤੱਕ ਢੋਆ-ਢੁਆਈ ਲਈ ਵਿਕਸਤ ਕੀਤੀ ਗਈ ਸੀ ਜਿੱਥੋਂ ਇਸ ਸਮਗਰੀ ਨੂੰ ਇੰਗਲੈਂਡ ਭੇਜਿਆ ਜਾਂਦਾ ਸੀ ਅਤੇ ਇਸਦਾ ਇੱਕ ਹੋਰ ਉਦੇਸ਼ ਵਿਦਰੋਹ ਜਾਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਅਣ-ਸੁਖਾਵੀਂ ਸਥਿਤੀ ’ਤੇ ਕਾਬੂ ਪਾਉਣ ਲਈ ਭਾਰਤ ਦੇ ਹਰੇਕ ਕੋਨੇ ਵਿਚ ਫੌਜ ਨੂੰ ਲਿਆਉਣਾ-ਲਿਜਾਣਾ ਸੀ। ਆਪਣੀ ਨਵੀਂ ਕਿਤਾਬ ਬਾਰੇ ਦੱਸਦਿਆ ਸ਼੍ਰੀ ਥਰੂਰ ਨੇ ਕਿਹਾ ਕਿ ਜਦੋਂ ਉਹ ਪੁਸਤਕ ਪ੍ਰਕਾਸ਼ਿਤ ਕਰਨਗੇ ਤਾਂ ਇਹ ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ ਲਈ ਜਿੰਮੇਵਾਰੀਆਂ ਤੋਂ ਮੁਨਕਰ ਹੋਣ ਜਾਂ ਕਿਸੇ ਹੋਰ ਢੰਗ ਨਾਲ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਹੋਵੇਗੀ ਕਿਉਂ ਕਿ ਜੋ ਬੀਤ ਗਿਆ ਸੋ ਬੀਤ ਗਿਆ। ਪਰ ਉਨਾਂ ਮਹਿਸੂਸ ਕੀਤਾ ਕਿ ਹਰ ਸਮਾਜ ਦਾ ਹੱਕ ਹੈ ਕਿ ਉਹ ਆਪਣੇ ਅਤੀਤ ਬਾਰੇ ਜਾਣੇ।ਦੇਸ਼ਭਗਤੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਭ ਦੇਸ਼ ਨਾਲ ਤੁਹਾਡੇ ਪਿਆਰ ਬਾਰੇ ਹੈ ਕਿਉਂਕਿ ਤੁਸੀਂ ਦੇਸ਼ ਵਿੱਚ ਵਸਦੇ ਹੋ ਅਤੇ ਦੇਸ਼ ਤੁਹਾਡੇ ਵਿੱਚ। ਉਹਨਾਂ ਅੱਗੇ ਕਿਹਾ “ਇਸ ਲਈ ਜਿਥੇ ਕੋਈ ਦੇਸ਼ ਭਗਤ ਆਪਣੇ ਦੇਸ਼ ਲਈ ਮਰਨ-ਮਿਟਣ ਲਈ ਤਿਆਰ ਹੁੰਦਾ ਹੈ ਉਥੇ ਹੀ ਇਕ ਰਾਸ਼ਟਰਵਾਦੀ ਆਪਣੇ ਸੂਬੇ ਲਈ ਮਰਨ-ਮਾਰਨ ਲਈ ਡਟਿਆ ਹੰਦਾ ਹੈ ਪਰ ਦੋਵਾਂ ਵਿੱਚ ਅੰਤਰ ਹੈ ਅਤੇ ਮੈਨੂੰ ਲਗਦਾ ਹੈ ਕਿ ਇਸ ਪੱਖ ਨੂੰ ਬਹੁਤ ਗਹੁ ਨਾਲ ਸਮਝਣ ਦੀ ਲੋੜ ਹੈ,”ਸ਼੍ਰੀ ਥਰੂਰ ਦੀ ਕਿਤਾਬ ‘ਬੈਟਲ ਆਫ ਬਿਲੌਂਗਿੰਗ’ ਦੀ ਚਰਚਾ ਕਰਦਿਆਂ ਅਸ਼ੋਕ ਕੇ ਮਹਿਤਾ ਨੇ ਕਿਹਾ “ਜਦੋਂ ਸ੍ਰੀ ਥਰੂਰ ਨੇ ਪੁੱਛਿਆ ਕਿ ਸੰਪੂਰਨ ਭਾਰਤੀ ਕੌਣ ਹੈ? ਮੈਨੂੰ ਲਗਦਾ ਹੈ ਕਿ ਸੰਪੂਰਣ ਭਾਰਤੀ ਸਿਰਫ ਭਾਰਤੀ ਸਿਪਾਹੀ ਹੈ ਕਿਉਂਕਿ ਉਹ ਉਨਾਂ ਸਾਰੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ ਜਿਨਾਂ ਦਾ ਜ਼ਿਕਰ ਸ਼ਸ਼ੀ ਥਰੂਰ ਨੇ ਆਪਣੀ ਕਿਤਾਬ ਵਿਚ ਕੀਤਾ ਹੈ। ਧਰਮ ਨਿਰਪੱਖ , ਗੈਰ-ਸਿਆਸੀ ਤੇ ਪੇਸ਼ੇਵਰ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਇਨਸਾਨ ਹੋਈਏ।