ਰੱਖਿਆ ਮੰਤਰੀ ਰਾਜਨਾਥ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਵਰਚੁਅਲ ਉਦਘਾਟਨ ਕਰਨਗੇ
ਚੰਡੀਗੜ – ਕੱਲ ਸ਼ੁਰੂ ਹੋਣ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ 2020, ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਨਾਲ ਸ਼ੁਰੂ ਹੋਵੇਗਾ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਵਾਰ ਨੂੰ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦਾ ਵਰਚੁਅਲ ਉਦਘਾਟਨ ਕਰਨਗੇ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨਾਂ ਨੇ ਜਵਾਨਾਂ ਨੂੰ ਰੱਖਿਆ ਬਲਾਂ ਵੱਲ ਆਕਰਸ਼ਿਤ ਕਰਨ ਲਈ ਆਜ਼ਾਦ, ਉਦਾਰਵਾਦੀ ਅਤੇ ਫੌਜੀ ਸਾਹਿਤਕ ਵਿਚਾਰਾਂ ਦੀ ਸਰਬਪੱਖੀ ਭਾਵਨਾ ਦੇ ਸੰਜੀਦਾ ਮੰਚ ਦੇ ਪ੍ਰਸਾਰ ਲਈ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਹੈ, 20 ਦਸੰਬਰ ਨੂੰ ਤਿੰਨ ਰੋਜ਼ਾ ਸਮਾਗਮ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਪੰਜਾਬ ਭਵਨ ਵਿਖੇ ਫੈਸਟੀਵਲ ਬਾਰੇ ਐਲਾਨ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ (ਸੇਵਾਮੁਕਤ) ਨੇ ਦੱਸਿਆ ਕਿ ਕੋਵਿਡ-19 ਕਰਕੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਇਹ ਸਮਾਗਮ 18 ਦਸੰਬਰ ਤੋਂ 20 ਦਸੰਬਰ ਤੱਕ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈੇ। ਇਸ ਸਮਾਗਮ ਨਾਲ ਪਾਕਿਸਤਾਨ ਵਿਰੁੱਧ 1971 ਜੰਗ ਦੀ ਗੋਲਡਨ ਜੁਬਲੀ ਦੇ ਜਸ਼ਨਾਂ ਦਾ ਮੁੱਢ ਬੱਝੇਗਾ ਜਿਸਨੂੰ ਅਗਲੇ ਸਾਲ ਮਨਾਇਆ ਜਾ ਰਿਹਾ ਹੈ।ਜਨਰਲ ਸ਼ੇਰਗਿੱਲ ਨੇ ਅੱਗੇ ਦੱਸਿਆ ਕਿ ਇਸ ਜੰਗ ਵਿੱਚ ਸਾਡੀ ਸ਼ਾਨਦਾਰ ਜਿੱਤ ਨਾਲ ਬੰਗਲਾਦੇਸ਼ ਬਣਿਆ ਸੀ ਜੋ ਭਾਰਤੀ ਸੈਨਾ ਦੀਆਂ ਮਹਾਨ ਬਹਾਦਰੀ ਦੀਆਂ ਪਰੰਪਰਾਵਾਂ ਦੀ ਇਕ ਅਦਭੁੱਤ ਕਥਾ ਹੈ।ਜਨਰਲ ਸ਼ੇਰਗਿੱਲ ਨੇ ਐਮਐਲਐਫ 2020 ਦੇ ਵਿਸ਼ੇ ਪਿੱਛੇ ਦੇ ਤਰਕ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜੈ ਜਵਾਨ, ਜੈ ਕਿਸਾਨ ਨਾ ਸਿਰਫ ਪੰਜਾਬ ਲਈ ਮਹੱਤਵਪੂਰਨ ਹੈ, ਬਲਕਿ ਸਾਰੇ ਰਾਸ਼ਟਰ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿਉਂਕਿ ਸਾਡੇ ਜਵਾਨ ਜੋ ਮਾਤ ਭੂਮੀ ਲਈ ਆਪਣਾ ਸਭ ਕੁਝ ਵਾਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਉਹ ਵਿਭਿੰਨ ਦਿਹਾਤੀ ਪਿਛੋਕੜਾਂ ਨਾਲ ਸਬੰਧ ਰੱਖਦੇ ਹਨ। ਜਨਰਲ ਸ਼ੇਰਗਿੱਲ ਨੇ ਮਾਤ ਭੂਮੀ ਪ੍ਰਤੀ ਕਿਸਾਨੀ ਅਤੇ ਸੈਨਿਕਾਂ ਦੀ ਬੇਮਿਸਾਲ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੋਵਾਂ ਦੇ ਆਪਸੀ ਸੰਬੰਧਾਂ ਨੂੰ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ। ਉਨਾਂ ਨੇ ਉਮੀਦ ਪ੍ਰਗਟਾਈ ਕਿ ਸਾਡੇ ਸਮਾਗਮ ਨਾਲ ਆਲਮੀ ਪੱਧਰ ’ਤੇ ਰਾਸ਼ਟਰ ਪ੍ਰਤੀ ਉਨਾਂ ਦੇ ਯੋਗਦਾਨ ਨੂੰ ਸਮਝਣ ਵਿੱਚ ਹੋਰ ਵਾਧਾ ਹੋਵੇਗਾ।
ਇਸ ਤੋਂ ਇਲਾਵਾ, ਇਹ ਪ੍ਰੋਗਰਾਮ ਐਮਐਲਐਫ ਦੀ ਵੈੱਬਸਾਈਟ, ਫੇਸਬੁੱਕ, ਯੂ-ਟਿਊਬ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ‘ਤੇ ਪੂਰੀ ਦੁਨੀਆਂ ਦੇ ਦਰਸ਼ਕਾਂ ਲਈ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ, ਇਸ ਦੇ ਨਾਲ ਹੀ ਇਹ ਫੈਸਟੀਵਲ ਪ੍ਰਸਿੱਧ ਰੱਖਿਆ ਅਧਿਕਾਰੀਆਂ, ਵਿਸ਼ਾ ਮਾਹਰਾਂ ਅਤੇ ਰਾਜਨੀਤਿਕ ਨੇਤਾਵਾਂ ਵਲੋਂ ਰਣਨੀਤਕ ਖੇਤਰੀ ਤੇ ਰਾਸ਼ਟਰੀ ਮਹੱਤਤਾ ਦੇ ਵਿਸ਼ਿਆਂ ’ਤੇ 13 ਪੈਨਲ ਵਿਚਾਰ-ਵਟਾਂਦਰਿਆਂ ਨੂੰ ਹੁਲਾਰਾ ਦੇਣ ਲਈ ਅੰਤਰਰਾਸ਼ਟਰੀ ਪੱਧਰ ਦਾ ਮੰਚ ਪੇਸ਼ ਕਰੇਗਾ। ਜੋਸ਼ ਤੇ ਜਜ਼ਬੇ ਵਾਲੇ 7 ਐਪੀਸੋਡਾਂ ਤੋਂ ਇਲਾਵਾ 85 ਤੋਂ ਵੱਧ ਉੱਘੇ ਬੁਲਾਰਿਆਂ ਅਤੇ ਮਾਹਰਾਂ ਵਲੋਂ 3 ਕਿਤਾਬ ਵਿਚਾਰ-ਵਟਾਂਦਰੇ ਵੀ ਕੀਤੇ ਜਾ ਰਹੇ ਹਨ। ਉਨਾਂ ਨੇ ਅੱਗੇ ਕਿਹਾ ਕਿ ਐਮ.ਐਲ.ਐਫ. ਦੀ ਵੈਬਸਾਈਟ ਨੂੰ ਪਹਿਲਾਂ ਹੀ ਦੁਨੀਆ ਭਰ ਦੇ 16 ਲੱਖ ਦਰਸ਼ਕਾਂ ਵਲੋਂ ਦੇਖਿਆ ਤੇ ਪਸੰਦ ਕੀਤਾ ਜਾ ਰਿਹਾ ਹੈ। ਸਾਲ 2017 ਵਿੱਚ ਉੱਘੇ ਫੌਜੀ ਇਤਿਹਾਸਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਅਤੇ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਖੇਤਰ ਵਿੱਚ ਨਿਰੰਤਰ ਤੇ ਸਫਲਤਾਪੂਰਵਕ ਢੰਗ ਨਾਮਣਾ ਖੱਟਿਆ ਹੈ।ਇਹ ਫੈਸਟੀਵਲ ਵੱਖ-ਵੱਖ ਪਹਿਲੂਆਂ ਜਿਵੇਂ ਸਾਹਿਤਕ ਕਾਰਜ, ਕਲਾ, ਹਸਤ-ਕਲਾਵਾਂ, ਸੰਗੀਤ ਅਤੇ ਨੌਜਵਾਨਾਂ ਨੂੰ ਮਾਤ ਭੂਮੀ ਦੀ ਸੇਵਾ ਵਿਚ ਰੱਖਿਆ ਬਲਾਂ ਨੂੰ ਕੈਰੀਅਰ ਵਜੋਂ ਅਪਨਾਉਣ ਲਈ ਉਤਸ਼ਾਹਤ ਕਰਨ ਸਬੰਧੀ ਪ੍ਰਦਰਸ਼ਨੀਆਂ ’ਤੇ ਕੇਂਦਰਿਤ ਹੈ। ਸਾਲ 2019 ਵਿੱਚ 1,50,000 ਤੋਂ ਵੱਧ ਦਰਸ਼ਕਾਂ ਨੇ ਫੈਸਟੀਵਲ ਵਿੱਚ ਸ਼ਿਰਕਤ ਕੀਤੀ ਸੀ ਅਤੇ ਇਸ ਤਰਾਂ ਦਰਸ਼ਕਾਂ ਦੀ ਹਾਜ਼ਰੀ ਵਿੱਚ 500 ਫੀਸਦੀ ਵਾਧਾ ਦਰਜ ਕੀਤਾ ਗਿਆ। ਜਨਰਲ ਸ਼ੇਰਗਿੱਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੁਦ ਇਕ ਪ੍ਰਸਿੱਧੀ ਪ੍ਰਾਪਤ ਮਿਲਟਰੀ ਇਤਿਹਾਸਕਾਰ, ਉੱਘੇ ਮੀਡੀਆ ਮਾਹਿਰਾਂ, ਬੁੱਧੀਜੀਵੀਆਂ ਅਤੇ ਰੱਖਿਆ ਰਣਨੀਤੀਆਂ ਦੀ ਅਗਵਾਈ ਕਰਨਗੇ ਜੋ ਲੈਫਟੀਨੈਂਟ ਜਨਰਲ ਐਚ.ਐਸ ਪਨਾਗ (ਸੇਵਾਮੁਕਤ), ਏ.ਸੀ.ਐਮ ਬੀ.ਐਸ ਧਨੋਆ, ਐਡਮਿਰਲ ਸੁਨੀਲ ਲਾਂਬਾ, ਸੰਸਦ ਮੈਂਬਰ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਰਾਕੇਸ਼ ਸਿਨਹਾ, ਮਹੂਆ ਮੋਇਤਰਾ ਅਤੇ ਰਾਜੀਵ ਚੰਦਰਸੇਖਰ ਤੋਂ ਇਲਾਵਾ ਡਾ. ਸੀ ਰਾਜਮੋਹਨ, ਗੁਲ ਪਨਾਗ, ਮੋਨਾ ਅੰਬੇਗਾਓਂਕਰ ਦੇਸ਼ ਭਰ ਤੋਂ ਆਨਲਾਈਨ ਸ਼ਾਮਲ ਹੋਣਗੇ।ਜਨਰਲ ਸ਼ੇਰਗਿੱਲ ਨੇ ਦੱਸਿਆ ਕਿ ਸਾਰੇ ਕੋਵਿਡ ਨਿਯਮਾਂ ਅਤੇ ਐਡਵਾਇਜ਼ਰੀਜ਼ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਂਦਿਆਂ, ਅਸੀਂ ਸ਼ਹਿਰ ਵਿਚ ਇਕ ਵਿਸ਼ੇਸ਼ ਡਿਜ਼ਾਇਨਡ ਸਟੂਡੀਓ ਸਥਾਪਿਤ ਕੀਤਾ ਹੈ ਜਿੱਥੇ ਹਰੇਕ ਪੈਨਲਿਸਟ ਲਈ 5 ਮਿੰਨੀ ਸਟੂਡੀਓ ਨਿਰਧਾਰਤ ਕੀਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਇਹ ਵਿਸ਼ੇਸ਼ ਤੌਰ ’ਤੇ ਸਾਡੇ ਮਾਣਯੋਗ ਪੈਨਲਿਸਟਾਂ ਲਈ ਹਨ ਜੋ ਟ੍ਰਾਈਸਿਟੀ ਤੋਂ ਹਨ ਅਤੇ ਜਿਹਨਾਂ ਨੇ ਪੈਨਲ ਵਿਚਾਰ ਵਟਾਂਦਰੇ ਵਿਚ ਸ਼ਾਮਲ ਹੋਣ ਲਈ ਸਾਡੇ ਸਟੂਡੀਓ ਦੀ ਚੋਣ ਕੀਤੀ ਹੈ।ਜੈ ਜਵਾਨ ਜੈ ਕਿਸਾਨ-ਜਵਾਨਾਂ ਦੀ ਜਿੱਤ, ਕਿਸਾਨਾਂ ਦੀ ਜਿੱਤ, ਅਜੋਕੇ ਸਮੇਂ ਲਈ ਮਿਲਟਰੀ ਲੀਡਰਸ਼ੀਪ, ਲੱਦਾਖ ਵਿਚ ਝੜਪ, ਰੱਖਿਆ ਤਿਆਰੀਆਂ ਪ੍ਰਤੀ ਸਵੈ-ਨਿਰਭਰਤਾ, ਦਾ ਕੁਆਡ: ਉਭਰ ਰਹੇ ਇੰਡੋ-ਪੈਸੀਫਿਕ ਜਲ ਸੈਨਾ ਗਠਜੋੜ ਤੋਂ ਇਲਾਵਾ ਤਾਲਿਬਾਨ ਦੇ ਆਉਣ ਸਬੰਧੀ ਮਹੱਤਵਪੂਰਨ ਵਿਸ਼ਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਤਿੰਨ ਦਿਨਾਂ ਫੈਸਟੀਵਲ ਦੌਰਾਨ ਬਾਲੀਵੁੱਡ ਅਤੇ ਰਾਸ਼ਟਰ ਸਬੰਧੀ ਵਿਚਾਰ-ਵਟਾਂਦਰੇ ਨੂੰ ਨਵਾਂ ਰੂਪ ਦੇਣ ਦਾ ਕੇਂਦਰ ਬਣਨਗੇ।ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲਿਆਂ ਵਿੱਚ ਜਨਰਲ ਸਕੱਤਰ ਐਮਐਲਐਫ ਮੇਜਰ ਜਨਰਲ ਟੀਪੀਐਸ ਵੜੈਚ ਵੀਐਸਐਮ ਬਾਰ, ਆਫ਼ਿਸ ਇੰਚਾਰਜ ਕਰਨਲ ਟੀ ਐਸ ਧਾਲੀਵਾਲ, ਐਮਐਲਐਫ ਮੀਡੀਆ ਕੋਆਰਡੀਨੇਟਰ ਕਰਨਲ ਐਨ.ਕੇ.ਐਸ. ਬਰਾੜ, ਫੈਸਟੀਵਲ ਡਾਇਰੈਕਟਰ ਮਨਦੀਪ ਬਾਜਵਾ ਤੋਂ ਇਲਾਵਾ ਸੀਨੀਅਰ ਸਲਾਹਕਾਰ ਕਰਨਵੀਰ ਸਿੰਘ ਸ਼ਾਮਲ ਸਨ।