ਕੈਲੀਫੋਰਨੀਆਂ – ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਦੱਖਣੀ ਭਾਗ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਾਲੇ ਇੱਕ ਕੇਸ ਨੂੰ ਦਰਜ ਕੀਤਾ ਹੈ, ਜੋ ਕਿ ਇਸ ਪ੍ਰਾਂਤ ਦਾ ਪਹਿਲਾ ਅਤੇ ਦੇਸ਼ ਪੱਧਰ ਤੇ ਦੂਜਾ ਮਾਮਲਾ ਹੈ।ਇਸ ਕੇਸ ਦਾ ਐਲਾਨ ਕੈਲੀਫੋਰਨੀਆ ਰਾਜ ਦੇ ਗੈਵਿਨ ਨਿਊਸਮ ਦੁਆਰਾ ਕੋਲੋਰਾਡੋ ਵਿੱਚ ਇਸ ਵਾਇਰਸ ਦੇ ਅਮਰੀਕਾ ਵਿੱਚ ਹੋਏ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ।ਡਾ. ਐਂਥਨੀ ਫੌਸ਼ੀ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਬੋਲਦਿਆਂ ਨਿਉਸਮ ਨੇ ਜਾਣਕਾਰੀ ਦਿੱਤੀ ਕਿ ਦੱਖਣੀ ਕੈਲੀਫੋਰਨੀਆ ਨੇ ਇੱਕ ਘੰਟੇ ਪਹਿਲਾਂ ਨਵੇਂ ਵਾਇਰਸ ਦੇ ਇੱਕ ਮਾਮਲੇ ਦੀ ਪਛਾਣ ਕੀਤੀ ਹੈ।ਨਿਊਸਮ ਦੀ ਘੋਸ਼ਣਾ ਤੋਂ ਬਾਅਦ, ਸੈਨ ਡਿਏਗੋ ਕਾਉਂਟੀ ਦੇ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਇੱਕ 30 ਸਾਲਾਂ ਦੇ ਵਿਅਕਤੀ ਵਿੱਚ ਵਾਇਰਸ ਦੇ ਇਸ ਰੂਪ ਦਾ ਪਤਾ ਲਗਾਇਆ ਗਿਆ ਹੈ ਅਤੇ ਪੀੜਤ ਦੀ ਕੋਈ ਯਾਤਰਾ ਹਿਸਟਰੀ ਨਹੀ ਸੀ।ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੇ ਪਹਿਲਾਂ 27 ਦਸੰਬਰ ਨੂੰ ਵਾਇਰਸ ਦੇ ਲੱਛਣਾਂ ਦਾ ਵਿਕਾਸ ਕੀਤਾ ਸੀ ਅਤੇ 29 ਦਸੰਬਰ ਨੂੰ ਉਸ ਦਾ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਪੀੜਤ ਆਦਮੀ ਫਿਲਹਾਲ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਗਿਆ ਹੈ।ਅਮਰੀਕੀ ਸੰਸਥਾ ਸੀ.ਡੀ.ਸੀ ਅਨੁਸਾਰ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਹੋਰ ਕੇਸਾਂ ਦੀ ਰਿਪੋਰਟ ਆਉਣ ਦੀ ਉਮੀਦ ਹੈ।ਵਾਇਰਸ ਦਾ ਇਹ ਰੂਪ, ਜਿਸਨੂੰ B.1.1.7. ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਜ਼ਿਆਦਾ ਛੂਤਕਾਰੀ ਮੰਨਿਆ ਗਿਆ ਹੈ ਪਰ ਡਾ.ਐਂਥਨੀ ਅਨੁਸਾਰ ਇਹ ਵੇਰੀਐਂਟ ਮਰੀਜ਼ਾਂ ਨੂੰ ਜ਼ਿਆਦਾ ਬਿਮਾਰ ਨਹੀ ਬਣਾਉਂਦਾ ਜਦਕਿ ਫਾਈਜ਼ਰ ਅਤੇ ਮੋਡਰਨਾ ਟੀਕਾ ਕੰਪਨੀਆਂ ਨੇ ਉਹਨਾਂ ਦੇ ਟੀਕੇ ਦੀ ਇਸ ਵਾਇਰਸ ਪ੍ਰਤੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦੀ ਗੱਲ ਵੀ ਕਹੀ ਹੈ।