ਬੀਜਿੰਗ – ਚੀਨ ਦੀ ਇਕ ਕੋਇਲਾ ਖਾਨ ਵਿਚ ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਚੋਂਗਕਿੰਗ ਨਗਰ ਨਿਗਮ ਦੇ ਯੋਗਚੁਆਨ ਜ਼ਿਲ੍ਹੇ ਸਥਿਤ ਦਿਆਓਸ਼ੁਇਦੋਂਗ ਕੋਲਾ ਖਾਨ ਵਿਚ ਬੀਤੀ ਸ਼ਾਮ 5 ਵਜੇ ਵਾਪਰੀ| ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ| ਪੁਲੀਸ ਅਤੇ ਫਾਇਰ ਫਾਈਟਰਜ਼ ਵਿਭਾਗ ਦੇ ਅਧਿਕਾਰੀਆਂ ਸਣੇ ਬਚਾਅ ਕਰਮਚਾਰੀ ਖਾਨ ਦੇ ਉਸ ਹਿੱਸੇ ਵਿਚ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਮਜ਼ਦੂਰ ਫਸੇ ਹੋਏ ਹਨ| ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ| ਸਥਾਨਕ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਦਿਆਓਸ਼ੁਇਦੋਂਗ ਕੋਲਾ ਖਾਨ ਵਿਚ ਸਾਲ 1975 ਵਿਚ ਕੰਮ ਸ਼ੁਰੂ ਹੋਇਆ ਸੀ ਅਤੇ 1998 ਵਿਚ ਇਹ ਨਿੱਜੀ ਹੱਥਾਂ ਵਿਚ ਦੇ ਦਿੱਤੀ ਗਈ ਸੀ| ਇਸ ਦੀ ਸਲਾਨਾ ਉਤਪਾਦਨ ਸਮਰੱਥਾ 1,20,000 ਟਨ ਕੋਲਾ ਹੈ| ਸਾਲ 2013 ਵਿਚ ਵੀ ਇਸੇ ਖਾਨ ਵਿਚ ਜ਼ਹਿਰੀਲੀ ਹਾਈਡ੍ਰੋਜਨ ਸਲਫਾਈਡ ਲੀਕ ਹੋ ਗਈ ਸੀ, ਜਿਸ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ|