ਨਾਮਜ਼ਦਗੀਆਂ ਦਾਖਲ ਕਰਨ ਦੀ ਆਖਿਰੀ ਮਿਤੀ 3 ਫਰਵਰੀ 2021
ਜਲੰਧਰ – ਜ਼ਿਲ੍ਹੇ ਵਿੱਚ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਲਈ ਨਾਮਜ਼ਦਗੀਆਂ ਦੇ ਪਹਿਲੇ ਦਿਨ ਅੱਠ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮੁੱਚੀਆਂ ਅੱਠ ਨਾਮਜ਼ਦਗੀਆਂ ਫਿਲੌਰ ਨਗਰ ਕੌਂਸਲ ਲਈ ਪ੍ਰਾਪਤ ਹੋਈਆਂ ਹਨ, ਜਿਥੇ 14 ਫਰਵਰੀ, 2021 ਨੂੰ ਚੋਣਾਂ ਹੋਣੀਆਂ ਹਨ। ਉਨ੍ਹਾਂ ਦੱਸਿਆ ਕਿ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੇ 110 ਵਾਰਡਾਂ ਦੀਆਂ ਚੋਣਾਂ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਹੋਣ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਪਹਿਲੇ ਦਿਨ ਫਿਲੌਰ ਨਗਰ ਕੌਂਸਲ ਤੋਂ ਕੁੱਲ ਅੱਠ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ, ਜਦਕਿ ਬਾਕੀ ਸੱਤ ਕੌਂਸਲਾਂ/ਪੰਚਾਇਤਾਂ ਵਿੱਚ ਨਾਮਜ਼ਦਗੀ ਦਰਜ ਨਹੀਂ ਹੋਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਅੱਠ ਨਗਰ ਕੌਂਸਲਾਂ/ਪੰਚਾਇਤਾਂ ਜਿਥੇ ਚੋਣਾਂ ਹੋਣੀਆਂ ਹਨ, ਵਿੱਚ ਆਦਮਪੁਰ, ਅਲਾਵਲਪੁਰ, ਕਰਤਾਰਪੁਰ, ਫਿਲੌਰ, ਨੂਰਮਹਿਲ, ਨਕੋਦਰ, ਨਗਰ ਪੰਚਾਇਤ ਲੋਹੀਆਂ ਖਾਸ ਅਤੇ ਮਹਿਤਪੁਰ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਿਰੀ ਮਿਤੀ 3 ਫਰਵਰੀ, 2021 ਹੈ ਤੇ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਤੱਕ ਹੋਵੇਗੀ ਅਤੇ ਉਮੀਦਵਾਰ 5 ਫਰਵਰੀ, 2021 ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ ਅਤੇ ਨਤੀਜੇ 17 ਫਰਵਰੀ, 2021 ਨੂੰ ਐਲਾਨੇ ਜਾਣਗੇ।ਉਨ੍ਹਾਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।