ਨਵੀਂ ਦਿੱਲੀ – ਨਵੇਂ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਦੀ ਚੜ੍ਹਦੀਕਲਾ ਲਈ ਰਾਸ਼ਟਰੀ ਰਾਜਧਾਨੀ ਦੇ ਸਾਰੇ ਗੁਰਦੁਆਰਿਆਂ ਵਿੱਚ ਅੱਜ ਸਵੇਰੇ ਵਿਸ਼ੇਸ਼ ਅਰਦਾਸ ਕੀਤੀ ਗਈ| ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ. ਜੀ. ਐਮ. ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ, ਇਸ ਲਈ ਸਾਰੇ ਗੁਰਦੁਆਰਿਆਂ ਵਿਚ ਅਰਦਾਸ ਕੀਤੀ ਗਈ ਹੈ| ਸ੍ਰ. ਸਿਰਸਾ ਨੇ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਵਿੱਚ ਸ਼ਾਮਿਲ ਹੋਣ ਮਗਰੋਂ ਕਿਹਾ ਕਿ ਉਹ ਡੀ.ਐਸ.ਜੀ.ਐਮ.ਸੀ. ਭਾਜਪਾ ਨੇਤਾਵਾਂ ਸਮੇਤ ਉਨ੍ਹਾਂ ਲੋਕਾਂ ਦੀ ਨਿਖੇਧੀ ਕਰਦੇ ਹਨ ਜੋ ਦੋਸ਼ ਲਗਾ ਰਹੇ ਹਨ ਕਿ ਪ੍ਰਦਰਸ਼ਨਕਾਰੀ ਕਿਸਾਨ ਖਾਲਿਸਤਾਨੀ ਅਤੇ ਅੱਤਵਾਦੀ ਹਨ| ਸ੍ਰ. ਸਿਰਸਾ ਨੇ ਕਿਹਾ ਕਿ ਇਕ ਕਿਸਾਨ ਨੂੰ ਪ੍ਰਦਰਸ਼ਨ ਦੌਰਾਨ ਫੌਜ ਵਿੱਚ ਸ਼ਾਮਿਲ ਅਤੇ ਕਸ਼ਮੀਰ ਵਿਚ ਤਾਇਨਾਤ ਉਸ ਦੇ ਪੁੱਤਰ ਦੇ ਸ਼ਹੀਦ ਹੋਣ ਦੀ ਖਬਰ ਮਿਲੀ| ਉਹਨਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਅਜਿਹੇ ਲੋਕ ਅੱਤਵਾਦੀ ਹੋ ਸਕਦੇ ਹਨ? ਜ਼ਿਕਰਯੋਗ ਹੈ ਕਿ ਨਵੇਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਦਿੱਲੀ ਬਾਰਡਰਾਂ ਤੇ ਡਟੇ ਹੋਏ ਹਨ| ਕਿਸਾਨ ਲਗਾਤਾਰ 6ਵੇਂ ਦਿਨ ਧਰਨਾ ਪ੍ਰਦਰਸ਼ਨ ਲਈ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ| ਕਿਸਾਨਾਂ ਨੂੰ ਡਰ ਹੈ ਕਿ ਇਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰ ਦੇਣਗੇ|