ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼-ਸਿੱਖ ਧਰਮ ਨਾਲ ਸਬੰਧਤ ਪਵਿੱਤਰ ਦਰਖ਼ਤਾਂ ਦੀ ਸੰਭਾਲ ਵਾਲੇ ਵਿਲੱਖਣ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹਨਾਂ ਪਵਿੱਤਰ ਦਰਖ਼ਤਾਂ ਦੇ ਨਾਮ ’ਤੇ ਕਈ ਸਿੱਖ ਗੁਰਦਵਾਰਿਆਂ ਦੇ ਨਾਂ ਰੱਖੇ ਗਏ ਹਨ।ਕੋਵਿਡ-19 ਦੇ ਮੱਦੇਨਜ਼ਰ ਪ੍ਰਾਜੈਕਟ ਦਾ ਉਦਘਾਟਨ ਆਨਲਾਈਨ ਕੀਤਾ ਗਿਆ । ਇਸ ਆਨਲਾਈਨ ਉਦਘਾਟਨ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਅਤੇ ਪੀ.ਐਚ.ਡੀ.ਸੀ.ਸੀ.ਆਈ ਦੇ ਪ੍ਰਧਾਨ ਸ੍ਰੀ ਕਰਨ ਗਿਲਹੋਤਰਾ ਨੇ ਸ਼ਿਰਕਤ ਕੀਤੀ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਦਿਨ ਅਤੇ ਢੁਕਵਾਂ ਤਰੀਕਾ ਹੈ ਜਿਹਨਾਂ ਦੀ ਬਾਣੀ ਕੁਦਰਤ, ਵਾਤਾਵਰਣ, ਰੁੱਖਾਂ, ਪੌਦਿਆਂ ਅਤੇ ਜੀਵਾਂ ਦੇ ਜੀਵਨ ਦੇ ਹਵਾਲਿਆਂ ਨਾਲ ਭਰਪੂਰ ਹੈ।ਰਾਜਪਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਮੌਸਮ ਵਿੱਚ ਤਬਦੀਲੀ ਮਨੁੱਖਤਾ ਲਈ ਇੱਕ ਫੌਰੀ ਸੰਕਟ ਹੈ ਅਤੇ ਇਸ ਚੁਣੌਤੀ ਨਾਲ ਨਜਿੱਠਣ ਲਈ ਲੋਕਾਂ ਦੀ ਰਾਇ ਜੁਟਾਉਣ ਹਿੱਤ ਮਿਊਜ਼ੀਅਮ ਆਫ ਟ੍ਰੀਜ਼ ਵਰਗੀਆਂ ਪਹਿਲਕਦਮੀਆਂ ਨਾਲ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਉਨਾਂ 12 ਪਵਿੱਤਰ ਰੁੱਖਾਂ ਦਾ ਕਲੋਨ ਤਿਆਰ ਕਰਨ ਲਈ 10 ਸਾਲਾਂ ਤੋਂ ਸਬਰ ਤੇ ਤਨਦੇਹੀ ਨਾਲ ਕੰਮ ਕਰਨ ਲਈ ਡੀਐਸ ਜਸਪਾਲ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਬਾਕੀ ਰੁੱਖਾਂ ਦਾ ਕੰਮ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ।ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਸਿੱਖ ਧਰਮ ਦੇ ਪਵਿੱਤਰ ਰੁੱਖਾਂ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਦੇਣ ਲਈ ਰਾਜਪਾਲ ਦਾ ਧੰਨਵਾਦ ਕੀਤਾ।ਉਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਸਭ ਤੋਂ ਵੱਧ ਯਾਤਰਾ ਕਰਨ ਵਾਲੇ ਧਾਰਮਿਕ ਪ੍ਰਚਾਰਕ ਸਨ। ਗੁਰੂ ਜੀ ਨੇ ਦਰੱਖਤਾਂ ਦੇ ਪਰਛਾਵੇਂ ਹੇਠ ਖੁੱਲੇ ਵਿੱਚ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਕਾਰਨ ਬਹੁਤੇ ਪਵਿੱਤਰ ਰੁੱਖ ਗੁਰੂ ਸਾਹਿਬ ਨਾਲ ਜੁੜੇ ਹੋਏ ਹਨ।ਉਨਾਂ ਪਵਿੱਤਰ ਰੁੱਖਾਂ ਦੀ ਸੰਭਾਲ ਵਾਲੇ ਇਸ ਪ੍ਰਾਜੈਕਟ ਨੂੰ ਸਮਰਥਨ ਦੇਣ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ ਵਿਚ ਪਵਿੱਤਰ ਦਰੱਖਤ ਕੱਟੇ ਗਏ ਹਨ ਜਾਂ ਗ਼ਲਤ ਦੇਖਭਾਲ ਕਾਰਨ ਹੋਂਦ ਗਵਾ ਬੈਠੇ ਹਨ।ਮਿਊਜ਼ਮ ਆਫ ਟ੍ਰੀਜ਼ ਦੇ ਸਿਰਜਣਹਾਰ ਅਤੇ ਕਿਊਰੇਟਰ ਡੀਐਸ ਜਸਪਾਲ ਨੇ ਰਾਜਪਾਲ ਦਾ ਇਸ ਪ੍ਰਾਜੈਕਟ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਸਬੰਧੀ ਉਨਾਂ ਕਿਹਾ ਕਿ ਨਾ ਸਿਰਫ ਸਿੱਖਾਂ ਲਈ ਬਲਕਿ ਸਾਰੇ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਸ੍ਰੋਤ ਸਾਬਤ ਹੋਵੇਗਾ।ਜਸਪਾਲ ਨੇ ਦੱਸਿਆ ਕਿ ਬਹੁਤ ਸਾਰੇ ਪਵਿੱਤਰ ਰੁੱਖ ਬਨਸਪਤੀ ਮਹੱਤਵ ਵੀ ਰੱਖਦੇ ਹਨ। ਉਦਾਹਰਣ ਵਜੋ ਸੁਲਤਾਨਪੁਰ ਲੋਧੀ ਵਿਚ ਗੁਰੂਦਵਾਰਾ ਬੇਰ ਸਾਹਿਬ ਵਿਖੇ ਬੇਰੀ ਦਾ ਰੁੱਖ ਵਿਲੱਖਣ ਹੈ ਕਿਉਂਕਿ ਇਸ ਦੇ ਬਹੁਤ ਘੱਟ ਕੰਡੇ ਹਨ। ਇਸੇ ਤਰਾਂ ਗੁਰੂਦੁਆਰਾ ਪਿਪਲੀ ਸਾਹਿਬ ਵਿਚ ਪਿੱਪਲ ਦੇ ਦਰੱਖਤ ਦੇ ਪੱਤਿਆਂ ਦਾ ਇਕ ਅਨੌਖਾ ਪੀਲਾ ਰੰਗ ਹੈ।ਜਸਪਾਲ ਨੇ ਇਹ ਵੀ ਦੱਸਿਆ ਕਿ ਰੁੱਖਾਂ ਨੂੰ ਲਸਣ, ਮਿਰਚਾਂ ਅਤੇ ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੂਰੀ ਤਰਾਂ ਘਰੇਲੂ ਜੈਵਿਕ ਸਪਰੇਅ ਰਾਹੀਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ ਇਸੇ ਕਰਕੇ ਰੁੱਖ ਸਿਹਤਮੰਦ ਹਨ ਅਤੇ ਵਧੀਆ ਫਲ ਦਿੰਦੇ ਹਨ।ਦਸ ਸਾਲਾਂ ਦੌਰਾਨ ਅਜਾਇਬ ਘਰ ਬਾਰਾਂ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਤੇ ਸਹੀ ਪ੍ਰਤੀਕਿ੍ਰਤੀਆਂ ਨੂੰ ਬਣਾਉਣ ਵਿਚ ਸਫਲ ਰਿਹਾ ਹੈ ਜਿਸ ਵਿਚ ਹਰਮੰਦਰ ਸਾਹਿਬ ਦੀ ਦੁੱਖਭੰਜਨੀ ਬੇਰੀ , ਸੁਲਤਾਨਪੁਰ ਲੋਧੀ ਦੇ ਗੁਰੂਦਵਾਰਾ ਬੇਰ ਸਾਹਿਬ ਵਿਖੇ ਬੇਰ ਦਾ ਦਰੱਖਤ, ਗੁਰਦੁਆਰਾ ਬੇਬੇ-ਦੀ-ਬੇਰ, ਸਿਆਲਕੋਟ, ਪਾਕਿਸਤਾਨ ਵਿਖੇ ਬੇਰ ਦਾ ਰੁੱਖ, ਅੰਮਿ੍ਰਤਸਰ ਦੇ ਗੁਰੂਦਵਾਰਾ ਪਿਪਲੀ ਸਾਹਿਬ ਦਾ ਪਿੱਪਲ ਦਾ ਰੁੱਖ ਸ਼ਾਮਲ ਹਨ।ਦਰੱਖਤਾਂ ਦੇ ਅਜਾਇਬ ਘਰ ਵਿੱਚ ਭਾਰਤ ਦੀ ਸਭ ਤੋਂ ਆਧੁਨਿਕ ਮਿਸਟ ਚੈਂਬਰ ਦੀ ਸੁਵਿਧਾ ਹੈ ਅਤੇ ਇੱਕ ਗਲਾਸ ਹਾਊਸ ਕੰਜ਼ਰਵੇਟਰੀ ਦੀ ਵਿਵਸਥਾ ਹੈ ਜਿਸ ਵਿੱਚ ਉੱਚਾਈ ਤੇ ਵਧਣ ਫੁੱਲਣ ਵਾਲੀਆਂ ਦੁਰਲੱਭ ਕਿਸਮਾਂ ਨੂੰ ਸੁਰੱਖਿਅਤ ਰੱਖਣ ਲਈ ਸੋਲਾਂ ਏਅਰ ਕੰਡੀਸ਼ਨਰ ਮੌਜੂਦ ਹਨ।