ਬਰਨਾਲਾ, 27 ਮਈ 2020 :ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗਪਿੰਨ ਅਤੇ ਇਲਾਕੇ ਦੀ ਪ੍ਰਸਿੱਧ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਦੀ ਜਮਾਨਤ ਤੇ ਅੱਜ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ਼ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਚ, ਸੁਣਵਾਈ ਹੋਵੇਗੀ। ਪ੍ਰਸਿੱਧ ਫੌਜਦਾਰੀ ਐਡਵੇਕੇਟ ਪੁਸ਼ਕਰ ਰਾਜ ਸ਼ਰਮਾ ਨੇ ਰਿੰਕੂ ਮਿੱਤਲ ਦੀ ਜਮਾਨਤ ਲਈ 20 ਮਈ ਨੂੰ ਬਰਨਾਲਾ ਅਦਾਲਤ ਚ, ਅਰਜ਼ੀ ਦਿੱਤੀ ਸੀ। ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਬਰਜਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਰਿਕਾਰਡ ਲੈ ਕੇ ਆਉਣ ਲਈ ਤੇ ਜਮਾਨਤ ਤੇ ਸੁਣਵਾਈ ਲਈ 27 ਮਈ ਦਾ ਦਿਨ ਮੁਕੱਰਰ ਕੀਤਾ ਹੋਇਆ ਹੈ। ਪੁਲਿਸ ਨੇ ਜਮਾਨਤ ਦੀ ਅਰਜ਼ੀ ਨੂੰ ਰੱਦ ਕਰਵਾਉਣ ਤੇ ਬਚਾਅ ਪੱਖ ਨੇ ਜਮਾਨਤ ਮਨਜੂਰ ਕਰਵਾਉਣ ਲਈ ਆਪੋ-ਆਪਣੀਆਂ ਤਿਆਰੀਆਂ ਕੱਸ ਰੱਖੀਆਂ ਹਨ।
ਕੀ ਹੈ ਪੂਰਾ ਮਾਮਲਾ,,,
ਥਾਣਾ ਸਿਟੀ ਬਰਨਾਲਾ ਚ, 25 ਫਰਵਰੀ 2020 ਨੂੰ ਰਾਤ ਕਰੀਬ 9: 40 ਤੇ ਦਰਜ਼ ਕੀਤੀ ਐਫਆਈਆਰ ਨੰਬਰ 95 ਚ, ਸੀਆਈਏ ਦੇ ਐਸਆਈ ਜਰਨੈਲ ਸਿੰਘ ਦੇ ਬਿਆਨ ‘ਤੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਮੋਹਨ ਲਾਲ ਉਰਫ ਕਾਲਾ ਨਿਵਾਸੀ ਕਿਲਾ ਮੁਹੱਲਾ, ਹਾਲ ਆਬਾਦ ਸੰਧੂ ਪੱਤੀ ਉੱਪਲੀ ਜਿਲ੍ਹੇ ਬਰਨਾਲਾ ਦੇ ਖਿਲਾਫ ਦਰਜ਼ ਕੇਸ ਚ, ਕਿਹਾ ਗਿਆ ਸੀ ਕਿ ਮੋਹਨ ਲਾਲ ਉਰਫ ਕਾਲਾ ਬਾਹਰੀ ਰਾਜਾਂ ਤੋਂ ਵੱਡੀ ਮਾਤਰਾ ਚ, ਨਸ਼ੀਲੀਆਂ ਗੋਲੀਆਂ ਲਿਆ ਕੇ ਖੁੱਡੀ ਰੋਡ ਤੇ ਖੁੱਡੀ ਰੋਡ ਨਾਲ ਲੱਗਦੀਆਂ ਬੇਅਬਾਦ ਕਲੋਨੀਆਂ ਤੇ ਬਰਨਾਲਾ ਸ਼ਹਿਰ ਚ, ਤੁਰ ਫਿਰ ਕੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ।
ਕੇਸ ਦਰਜ਼ ਕਰਨ ਅਤੇ ਮੋਹਨ ਲਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਲ੍ਹਾ ਪੁਲਿਸ ਮੁੱਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਚ, ਸ਼ੁਰੂ ਹੋਈ ਤਫਤੀਸ਼ ਦੌਰਾਨ ਨਰੇਸ਼ ਕੁਮਾਰ ਰਿੰਕੂ ਮਿੱਤਲ ਸਮੇਤ ਕਈ ਵੱਡੇ ਮਗਰਮੱਛ ਵੀ ਪੁਲਿਸ ਦੇ ਜਾਲ ਤੋਂ ਬਚ ਨਹੀਂ ਸਕੇ ਸਨ । ਤਫਤੀਸ਼ ਨੇ ਇੱਨ੍ਹੀਂ ਰਫਤਾਰ ਫੜੀ ਕਿ ਹਜਾਰਾਂ ਗੋਲੀਆਂ ਤੋਂ ਸ਼ੁਰੂ ਹੋਇਆ ਇਹ ਕੇਸ ਲੱਖਾਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਦੇ ਰੂਪ ਚ,ਅੱਗੇ ਵਧ ਗਿਆ। ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਰੈਕਟ ਚ, ਸ਼ਾਮਿਲ ਮਥੁਰਾ ਦੇ ਰਹਿਣ ਵਾਲੇ ਦੋਸ਼ੀ ਤੋਇਬ ਕੁਰੈਸ਼ੀ ਤੱਕ ਨੂੰ ਵੀ ਕਾਬੂ ਕਰਕੇ 40 ਲੱਖ , 1 ਹਜਾਰ 40 ਨਸ਼ੀਲੀਆਂ ਦਵਾਈਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਖੇਪ ਵੀ ਬਰਾਮਦ ਕਰ ਲਈ ਸੀ । ਪੁਲਿਸ ਦੁਆਰਾ ਮਲੇਰਕੋਟਲਾ ਦੇ ਵੱਡੇ ਕੈਮਿਸਟ ਤੋਂ ਲੈ ਕੇ ਰਿੰਕੂ ਮਿੱਤਲ ਨਾਲ ਜੁੜੇ ਕਈ ਹੋਰ ਤਸਕਰਾਂ ਨੂੰ ਕਾਬੂ ਕਰ ਲਿਆ ਸੀ । ਰਿੰਕੂ ਮਿੱਤਲ ਇੱਨ੍ਹੀ ਦਿਨੀਂ ਜੇਲ ਚ, ਬੰਦ ਹੈ।
-ਰਿੰਕੂ ਤੇ ਉਸਦੇ ਸਾਥੀ ਤਸਕਰਾਂ ਲਈ ਵਰਦਾਨ ਬਣਿਆ ਕੋਰੋਨਾ
ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੀਆਂ ਤੰਦਾਂ ਨੂੰ ਜੋੜ ਜੋੜ ਕੇ ਲਗਾਤਾਰ ਅੱਗੇ ਵਧ ਰਹੀ ਬਰਨਾਲਾ ਪੁਲਿਸ ਦੇ ਪੈਰੀਂ ਕੋਰੋਨਾ ਸੰਕਟ ਦੀਆਂ ਅਜਿਹੀਆਂ ਬੇੜੀਆਂ ਪਈਆਂ ਕਿ ਪੁਲਿਸ ਦਾ ਪੂਰਾ ਧਿਆਨ ਕੋਰੋਨਾ ਸੰਕਟ ਦੌਰਾਨ ਜਰੂਰਤਮੰਦਾਂ ਦੀ ਮੱਦਦ ਤੇ ਕੇਂਦ੍ਰਿਤ ਹੋ ਗਿਆ। ਜਾਂ ਇਹ ਕਹਿ ਲਉ ਕਿ ਰਿੰਕੂ ਮਿੱਤਲ ਤੇ ਉਸ ਦੇ ਹੋਰ ਸਾਥੀ ਤਸਕਰਾਂ ਲਈ ਕੋਰੋਨਾ ਸੰਕਟ ਵਰਦਾਨ ਬਣ ਗਿਆ। ਜਿਸ ਕਾਰਣ ਤੇਜ਼ੀ ਨਾਲ ਹੋਰ ਤੋਂ ਹੋਰ ਅੱਗੇ ਵੱਧ ਰਹੀ ਪੁਲਿਸ ਦੀ ਤਫਤੀਸ਼ ਨੂੰ ਬ੍ਰੇਕ ਲੱਗ ਗਈ ਤੇ ਨਸ਼ਾ ਤਸਕਰਾਂ ਦੀਆਂ ਪੌਂ ਬਾਰਾਂ ਹੋ ਗਈਆਂ।
-ਫਿਰ ਸ਼ੁਰੂ ਹੋਈ ਤਫਤੀਸ਼ , ,,,
ਭਰੋਸੇਯੋਗ ਸੂਤਰਾਂ ਅਨੁਸਾਰ ਕੋਰੋਨਾ ਦੇ ਵੱਧਦੇ ਕਦਮਾਂ ਨੂੰ ਠੱਲ ਪੈਣ ਤੋਂ ਬਾਅਦ ਹੁਣ ਕੁਝ ਦਿਨ ਤੋਂ ਫਿਰ ਰਿੰਕੂ ਮਿੱਤਲ ਦੇ ਹੋਰ ਰਹਿੰਦੇ ਸਾਥੀ ਸੀਆਈਏ ਦੀ ਟੀਮ ਦੇ ਰਾਡਾਰ ‘ਤੇ ਆ ਗਏ ਹਨ। ਅਪੁਸ਼ਟ ਸੂਚਨਾ ਮੁਤਾਬਿਕ ਪੁਲਿਸ ਨੇ ਇਸ ਕੇਸ ਨਾਲ ਸਬੰਧਿਤ ਕੁਝ ਹੋਰ ਵਿਅਕਤੀਆਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਚ ਲਿਆ ਹੋਇਆ ਹੈ। ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਨੇ ਚਲਾਨ ਪੇਸ਼ ਨਾ ਕਰਨ ਬਾਰੇ ਕਿਹਾ ਕਿ ਕੇਸ ਦਾ ਚਲਾਨ ਪੇਸ਼ ਕਰਨ ਲਈ 180 ਦਿਨ ਦਾ ਸਮਾਂ ਹੈ। ਨਿਸਚਿਤ ਸਮੇਂ ਦੇ ਅੰਦਰ ਅੰਦਰ ਹੀ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਕੇਸ ਨਾਲ ਸਬੰਧਿਤ ਕੋਈ ਹੋਰ ਵਿਅਕਤੀਆਂ ਦੇ ਫੜੇ ਜਾਣ ਬਾਰੇ ਇੱਨਾਂ ਹੀ ਕਿਹਾ ਕਿ ਪੁਲਿਸ ਜਦੋਂ ਵੀ ਕਿਸੇ ਦੋਸ਼ੀ ਨੂੰ ਫੜੇਗੀ,ਉਦੋਂ ਜਿਲ੍ਹਾ ਪੁਲਿਸ ਮੁੱਖੀ ਮੀਡੀਆ ਨੂੰ ਜਾਣਕਾਰੀ ਦੇ ਦੇਣਗੇ। ਉਨ੍ਹਾਂ ਕਿਹਾ ਕਿ ਪੁਲਿਸ ਰਿੰਕੂ ਦੀ ਜਮਾਨਤ ਦੀ ਅਰਜ਼ੀ ਰੱਦ ਕਰਵੁੳਣ ਲਈ ਪੂਰਾ ਜੋਰ ਤਾਣ ਲਾ ਦੇਵੇਗੀ। ਬਾਕੀ ਜਮਾਨਤ ਬਾਰੇ ਫੈਸਲਾ ਤਾਂ ਅਦਾਲਤ ਨੇ ਹੀ ਕਰਨਾ ਹੈ।