243 ਪ੍ਰਵਾਸੀ ਬਿਹਾਰ ਵਿਖੇ ਵਿਆਹ ਸਮੇਤ ਹੋਰ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ
ਜਲੰਧਰ – ਯਾਤਰੀ ਰੇਲ ਗੱਡੀਆਂ ਮੁੜ ਚਾਲੂ ਹੋਣ ਨਾਲ ਬਿਹਾਰ ਅਤੇ ਉੱਤਰ ਪ੍ਰਦੇਸ਼ ਰਾਜਾਂ ਨਾਲ ਸਬੰਧਤ ਪ੍ਰਵਾਸੀਆਂ ਦੇ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ ਕਿਉਂਕਿ ਹੁਣ ਉਹ ਆਪਣੇ ਪੁਰਖਿਆਂ ਦੇ ਪਿੰਡਾਂ ਅਤੇ ਕਸਬਿਆਂ ਵਿਖੇ ਜਾ ਕੇ ਆਪਣੇ ਸਨੇਹੀਆਂ ਦੇ ਵਿਆਹ ਸਮਾਰੋਹਾਂ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋ ਸਕਣਗੇ।ਸਿਟੀ ਰੇਲਵੇ ਸਟੇਸ਼ਨ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ, ਜਿਸ ਨੂੰ ਆਮ ਤੌਰ ‘ਤੇ ਸ਼ਹੀਦ ਐਕਸਪ੍ਰੈਸ ਕਿਹਾ ਜਾਂਦਾ ਹੈ, ਵਿਚ ਸਾਢੇ 3 ਵਜੇ ਲਗਭਗ 243 ਪ੍ਰਵਾਸੀ ਸ਼ਹਿਰ ਤੋਂ ਰਵਾਨਾ ਹੋਏ । ਜਦਕਿ ਬੁੱਧਵਾਰ ਨੂੰ ਲਗਭਗ 112 ਯਾਤਰੀ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਣ ਲਈ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਰਵਾਨਾ ਹੋਏ ਸਨ।23 ਸਾਲਾ ਨੇਹਾ, ਜੋ ਆਪਣੇ ਪਰਿਵਾਰ ਨਾਲ ਗੋਰਖਪੁਰ ਵਿਖੇ ਆਪਣੀ ਚਚੇਰੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਜਾ ਰਹੀ ਸੀ, ਨੇ ਕਿਹਾ ਕਿ ਰੇਲ ਗੱਡੀਆਂ ਬੰਦ ਹੋਣ ਕਾਰਨ ਉਨ੍ਹਾਂ ਗੋਰਖਪੁਰ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਪਰ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਰੇਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਕਰਕੇ ਹੁਣ ਉਹ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਸਕਣਗੇ, ਜਿਸ ਲਈ ਰਾਜ ਸਰਕਾਰ ਧੰਨਵਾਦ ਦੀ ਪਾਤਰ ਹੈ। ਉਸਨੇ ਦੱਸਿਆ ਕਿ ਉਸਦੀ ਚਚੇਰੀ ਭੈਣ ਦਾ ਵਿਆਹ 30 ਨਵੰਬਰ ਨੂੰ ਹੈ ਅਤੇ ਰੇਲ ਸੇਵਾਵਾਂ ਸ਼ੁਰੂ ਹੋਣ ਬਾਰੇ ਜਾਣ ਕੇ ਗੋਰਖਪੁਰ ਵਿਖੇ ਉਸਦੇ ਰਿਸ਼ਤੇਦਾਰ ਵੀ ਬੇਹੱਦ ਖੁਸ਼ ਹਨ।ਛਪਰਾ, ਬਿਹਾਰ ਦਾ 38 ਸਾਲਾ ਸੰਜੀਵ ਕੁਮਾਰ, ਜੋ ਇੱਥੇ ਨਿਰਮਾਣ ਠੇਕੇਦਾਰ ਵਜੋਂ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦੇ ਪਰਿਵਾਰ ਵੱਲੋਂ ਬਿਹਾਰ ਵਿਖੇ ਜਗਰਾਤਾ ਕਰਵਾਇਆ ਜਾ ਰਿਹਾ ਹੈ ਅਤੇ ਰੇਲ ਗੱਡੀਆਂ ਨਾ ਚੱਲਣ ਕਾਰਨ ਉਸ ਦਾ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋ ਸਕਣਾ ਸੰਭਵ ਨਹੀਂ ਸੀ। ਉਸ ਨੇ ਦੱਸਿਆ ਕਿ ਉਹ 20 ਨਵੰਬਰ ਨੂੰ ਛੱਠ ਦੇ ਤਿਉਹਾਰ ਮੌਕੇ ਵੀ ਛਪਰਾ ਨਹੀਂ ਜਾ ਸਕਿਆ ਸੀ ।ਸੰਜੀਵ ਕੁਮਾਰ ਨੇ ਰੇਲਵੇ ਮੰਤਰਾਲੇ ਨਾਲ ਪ੍ਰਭਾਵਸ਼ਾਲੀ ਗੱਲਬਾਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਅਤੇ ਅੱਜ ਉਹ ਆਪਣੇ ਪਰਿਵਾਰ ਨੂੰ ਮਿਲਣ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ। 40 ਸਾਲਾ ਫੈਕਟਰੀ ਵਰਕਰ ਅਰਵਿੰਦ ਮਿਸ਼ਰਾ, ਜੋ ਆਪਣੀ ਬਿਮਾਰ ਮਾਂ ਨੂੰ ਮਿਲਣ ਬਿਹਾਰ ਦੇ ਸਮਸਤੀਪੁਰ ਵਿਖੇ ਜਾ ਰਹੇ ਸੀ, ਨੇ ਦੱਸਿਆ ਕਿ ਉਹ ਪਿਛਲੇ ਅੱਠ ਮਹੀਨਿਆਂ ਤੋਂ ਆਪਣੇ ਸ਼ਹਿਰ ਨਹੀਂ ਜਾ ਸਕਿਆ। ਉਸ ਨੇ ਕਿਹਾ ਕਿ ਉਹ ਬੜੀ ਬੇਸਬਰੀ ਨਾਲ ਰੇਲ ਸੇਵਾਵਾਂ ਦੀ ਬਹਾਲੀ ਦਾ ਇੰਤਜ਼ਾਰ ਕਰ ਰਿਹਾ ਸੀ।ਉਸ ਨੇ ਦੱਸਿਆ ਕਿ ਉਸਦੀ ਮਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਨੇ ਕਿਹਾ ਕਿ ਹੁਣ ਉਹ ਆਪਣੀ ਮਾਂ ਨੂੰ ਮਿਲ ਸਕੇਗਾ ਅਤੇ ਉਨ੍ਹਾਂ ਦੀ ਦੇਖਭਾਲ ਕਰ ਸਕੇਗਾ।