ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਨਿਰਦੇਸ਼ਕ ਗ੍ਰੀਮ ਸਮਿੱਥ ਨੇ ਆਸ ਜਤਾਈ ਹੈ ਕਿ ਜਦ ਅਗਲੇ ਸਾਲ ਆਸਟਰੇਲੀਆ ਟੀਮ ਉਨ੍ਹਾਂ ਦੇ ਦੇਸ਼ ਦਾ ਦੌਰਾ ਕਰੇਗੀ ਤਾਂ ਉਸ ਵਿਚ ਵੱਡੀ ਗਿਣਤੀ ਦਰਸ਼ਕ ਜੁੜਨਗੇ। ਇਸ ਵੇਲੇ ਦੱਖਣੀ ਅਫਰੀਕਾ ਵਿਚ ਕਰੋਨਾ ਕਾਰਨ ਹਾਲਾਤ ਖਰਾਬ ਹਨ ਤੇ ਆਸਟਰੇਲੀਆ ਦੇ ਦੌਰੇ ਨੂੰ ਲੈ ਕੇ ਵੀ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਇਸ ਮੌਕੇ ਸਮਿੱਥ ਨੇ ਸਭ ਸ਼ੰਕਿਆਂ ਨੂੰ ਦੂਰ ਕਰਦਿਆਂ ਵਧੀਆ ਮੈਚ ਹੋਣ ਦੀ ਆਸ ਜਤਾਈ ਹੈ। ਇਸ ਵੇਲੇ ਉਥੇ ਕਰੋਨਾ ਨਾਲ 21 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸਾਢੇ ਸੱਤ ਲੱਖ ਤੋਂ ਜ਼ਿਆਦਾ ਲੋਕ ਕਰੋਨਾ ਦੀ ਲਾਗ ਨਾਲ ਪ੍ਰਭਾਵਿਤ ਹਨ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਸਮਿੱਥ ਨੇ ਕਿਹਾ ਕਿ ਉਨ੍ਹਾਂ ਦੀਆਂ ਨਜ਼ਰਾਂ ਅਗਲੇ ਸਾਲ ਹੋਣ ਵਾਲੀ ਲੜੀ ’ਤੇ ਟਿਕੀਆਂ ਹੋਈਆਂ ਹਨ। ਇਸ ਵਿਚ ਜੇ ਦਰਸ਼ਕਾਂ ਦੀ ਭੀੜ ਜੁੜੀ ਤਾਂ ਮੈਚ ਕਾਫੀ ਰੋਮਾਂਚਕ ਹੋਣਗੇ। ਕਰੋਨਾ ਕਾਰਨ ਖੇਡ ਗਤੀਵਿਧੀਆਂ ਵਿਚ ਖੜੋਤ ਆਈ ਹੈ ਤੇ ਮੈਚਾਂ ਵਿਚ ਦਰਸ਼ਕਾਂ ਦੀ ਘਾਟ ਕਾਰਨ ਆਮਦਨੀ ਵੀ ਘੱਟ ਗਈ ਹੈ।