ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਈ ਵਿਚ ਐਲਾਨੇ ਨਤੀਜਿਆਂ ਦੇ ਆਧਾਰ ਤੇ ਸਹਾਇਕ ਬੇਸਿਕ ਅਧਿਆਪਕਾਂ ਦੇ 69,000 ਅਹੁਦਿਆਂ ਤੇ ਭਰਤੀ ਕਰਨ ਦੀ ਮੰਜੂਰੀ ਦੇ ਦਿੱਤੀ ਹੈ| ਜਸਟਿਸ ਯੂ. ਯੂ. ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਸਹਾਇਕ ਬੇਸਿਕ ਅਧਿਆਪਕਾਂ ਦੀ ਚੋਣ ਲਈ ਕੱਟ ਆਫ ਅੰਕ ਬਰਕਰਾਰ ਰੱਖਣ ਦੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉੱਤਰ ਪ੍ਰਦੇਸ਼ ਪ੍ਰਾਈਮਰੀ ਸਿੱਖਿਆ ਮਿੱਤਰ ਸੰਘ ਦੀ ਪਟੀਸ਼ਨ ਸਮੇਤ ਹੋਰ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ|
ਸੁਪਰੀਮ ਕੋਰਟ ਨੇ ਕਿਹਾ ਕਿ ਸੂਬੇ ਨੂੰ ਉੱਤਰ ਪ੍ਰਦੇਸ਼ ਵਿਚ ਸਿੱਖਿਆ ਮਿੱਤਰ ਅਧਿਆਪਕਾਂ ਨੂੰ ਸਹਾਇਕ ਬੇਸਿਕ ਅਧਿਆਪਕਾਂ ਦੇ ਤੌਰ ਤੇ ਚੋਣ ਲਈ ਮੁੜ ਤੋਂ ਮੁਕਾਬਲੇ ਵਿਚ ਹਿੱਸਾ ਲੈਣ ਦਾ ਇਕ ਹੋਰ ਮੌਕਾ ਦੇਣ ਦੀ ਮੰਜੂਰੀ ਹੋਵੇਗੀ| ਸੰਘ ਨੇ ਉੱਤਰ ਪ੍ਰਦੇਸ਼ ਸਰਕਾਰ ਦੇ 7 ਜਨਵਰੀ 2019 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ| ਇਸ ਹੁਕਮ ਵਿੱਚ ਕਿਹਾ ਗਿਆ ਸੀ ਕਿ ਸਹਾਇਕ ਅਧਿਆਪਕ ਭਰਤੀ ਪ੍ਰੀਖਿਆ 2019 ਨੂੰ ਪਾਸ ਕਰਨ ਲਈ ਆਮ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 65 ਅੰਕ ਅਤੇ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਲਈ 60 ਅੰਕ ਹਾਸਿਲ ਕਰਨੇ ਪੈਣਗੇ|