ਕਿਹਾ, ਓਲੰਪਿਕ ਲਈ ਸਾਡੀ ਤਿਆਰੀ ਆਲਮੀ ਮਾਪਦੰਡਾਂ ਮੁਤਾਬਕ ਪੂਰੀ
ਚੰਡੀਗੜ੍ਹ – ਉਲੰਪਿਕ ਲਈ ਪੰਜਾਬ ਦੇ ਖਿਡਾਰੀਆਂ ਦੀ ਤਿਆਰੀ ਨੂੰ ਆਲਮੀ ਮਾਪਦੰਡਾਂ ਮੁਤਾਬਕ ਆਖਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਰੋਸਾ ਜਤਾਇਆ ਕਿ ਜਪਾਨ ਦੇ ਟੋਕੀਓ ਵਿਖੇ ਇਸ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਅਥਲੀਟ ਇੱਕ ਵਾਰ ਫਿਰ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ ਕਿਉਂਕਿ ਇਨ੍ਹਾਂ ਖੇਡਾਂ ਲਈ ਪੰਜਾਬ ਦੇਸ਼ ਭਰ ਵਿੱਚੋਂ ਦੂਜਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ।ਇਕ ਪ੍ਰੈੱਸ ਬਿਆਨ ਵਿੱਚ ਉਲੰਪਿਕ ਲਈ ਚੁਣੇ ਗਏ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਭਾਰਤ ਹੁਣ ਤੱਕ ਦਾ ਸਭ ਤੋਂ ਵੱਡਾ ਦਲ 117 ਖਿਡਾਰੀਆਂ ਨੂੰ ਓਲੰਪਿਕ ਲਈ ਭੇਜ ਰਿਹਾ ਹੈ, ਜਿਨ੍ਹਾਂ ਵਿੱਚੋਂ 14 ਪ੍ਰਤੀਸ਼ਤ ਖਿਡਾਰੀ ਪੰਜਾਬ ਦੇ ਹਨ।ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਦੇ ਖਿਡਾਰੀ ਘੱਟੋ-ਘੱਟ ਤਿੰਨ ਤੋਂ ਚਾਰ ਓਲੰਪਿਕ ਮੈਡਲ ਜਿੱਤ ਕੇ ਲਿਆਉਣਗੇ ਕਿਉਂਕਿ ਹਰਿਆਣਾ ਤੋਂ ਬਾਅਦ ਦੂਜੇ ਨੰਬਰ ’ਤੇ ਸਭ ਤੋਂ ਵੱਧ ਖਿਡਾਰੀ ਪੰਜਾਬ ਦੇ ਜਾ ਰਹੇ ਹਨ।ਖੇਡ ਮੰਤਰੀ ਨੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਸੰਪੂਰਨ ਸਹਾਇਤਾ ਅਤੇ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਸੀਂ ਇਨ੍ਹਾਂ ਖਿਡਾਰੀਆਂ ਦੀਆਂ ਵਿੱਤੀ ਅਤੇ ਹੋਰ ਲੋੜਾਂ ਦਾ ਧਿਆਨ ਰੱਖਾਂਗੇ।ਉਨ੍ਹਾਂ ਟੋਕੀਓ ਜਾਣ ਵਾਲੇ ਖਿਡਾਰੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਅਤੇ ਗੁਰਜੀਤ ਕੌਰ (ਹਾਕੀ), ਅੰਜੁਮ ਮੌਦਗਿੱਲ ਅਤੇ ਅੰਗਦ ਵੀਰ ਸਿੰਘ (ਸ਼ੂਟਿੰਗ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਅਤੇ ਗੁਰਪ੍ਰੀਤ ਸਿੰਘ (ਅਥਲੈਟਿਕਸ) ਵਿੱਚ ਕੁਆਲੀਫਾਈ ਹੋਏ ਹਨ।ਇਕ ਹੋਰ ਖੁਸ਼ਖ਼ਬਰੀ ਸਾਂਝੀ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਨੂੰ 21 ਸਾਲ ਬਾਅਦ ਉਲੰਪਿਕ ਵਿੱਚ ਹਾਕੀ ਟੀਮ ਦੀ ਕਪਤਾਨੀ ਮਿਲੀ ਹੈ ਅਤੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਵਿੱਚ ਕਪਤਾਨ ਵਜੋਂ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨਗੇ। ਉਹ ਭਾਰਤੀ ਟੁਕੜੀ ਦੇ ਝੰਡਾ ਬਰਦਾਰ ਵੀ ਹੋਣਗੇ।ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬੀ ਉਲੰਪਿਕਸ ਲਈ ਭਾਰਤ ਦੀ ਤਮਗਾ ਸੂਚੀ ਵਿੱਚ ਪੰਜਾਬ ਨੂੰ ਚੋਟੀ ਦੇ ਰਾਜਾਂ ਵਿੱਚ ਵੇਖਣ ਦੀ ਉਮੀਦ ਕਰਦੇ ਹਨ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਦੀ ਯੋਜਨਾ ਪਹਿਲਾਂ ਹੀ ਲਾਗੂ ਕਰਨ ਦੇ ਵੱਖ ਵੱਖ ਪੜਾਵਾਂ ’ਤੇ ਹੈ, ਜਿਸ ਦਾ ਮੋਟੋ ‘‘ਕੈਚ-ਦੈੱਮ-ਯੰਗ“ ਹੈ। ਕਈ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਭਾਗ ਨੇ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਦੇ ਹੁਨਰ ਨੂੰ ਪਛਾਨਣ ਦੀ ਪਹਿਲ ਕੀਤੀ ਹੈ।ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਵੱਡੇ ਮੁਕਾਬਲੇ ਲਈ ਤਿਆਰ ਕਰਨ ਵਾਸਤੇ ਨਾਮਵਰ ਕੋਚਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।ਰਾਣਾ ਸੋਢੀ ਨੇ ਚਾਨਣਾ ਪਾਇਆ ਕਿ ਕਿਵੇਂ ਖੇਲੋ ਇੰਡੀਆ, ਫਿੱਟ ਇੰਡੀਆ ਮੂਵਮੈਂਟ ਜਿਹੇ ਵੱਖ ਵੱਖ ਰਾਸ਼ਟਰੀ ਪ੍ਰੋਗਰਾਮਾਂ ਤੋਂ ਇਲਾਵਾ ਜ਼ਮੀਨੀ ਪੱਧਰ ’ਤੇ ਪ੍ਰੇਰਨਾ ਦੇਣ ਦੇ ਉਪਰਾਲਿਆਂ ਜ਼ਰੀਏ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਖਾਸਕਰ ਪੰਜਾਬ ਵਿੱਚ ਹੁਨਰ ਦੀ ਕਮੀ ਨਹੀਂ ਹੈ। ਹਾਲਾਂਕਿ ਖੇਡਾਂ ਨੂੰ ਮਾਣ ਅਤੇ ਸਤਿਕਾਰ ਨਾਲ ਕਰੀਅਰ ਦਾ ਮੌਕਾ ਬਣਾਉਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।