ਓਟਾਵਾ – ਕੈਨੇਡੀਅਨ ਫ਼ੌਜ ਦਾ ਕਹਿਣਾ ਹੈ ਕਿ ਉਹ ਕੋਵਿਡ-19 ਦੇ ਟੀਕਿਆਂ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਯੋਜਨਾ ਬਣਾ ਰਹੀ ਹੈ| ਕੋਰੋਨਾ ਟੀਕਿਆਂ ਨੂੰ ਸੁਰੱਖਿਅਤ ਲਿਆਉਣ ਤੇ ਲੋਕਾਂ ਤੱਕ ਸੁਰੱਖਿਅਤ ਪਹੁੰਚਾਉਣ ਲਈ ਫ਼ੌਜ ਦੀ ਵੱਡੀ ਟੁਕੜੀ ਹਰ ਸਮੇਂ ਤਿਆਰ ਰਹੇਗੀ| ਇਸ ਲਈ ਪਹਿਲਾਂ ਹੀ ਫ਼ੌਜੀਆਂ ਦੀਆਂ ਟੀਮਾਂ ਕੈਨੇਡਾ ਦੀ ਸਿਹਤ ਏਜੰਸੀ ਨਾਲ ਪੂਰੀ ਤਰ੍ਹਾਂ ਸਹਿਯੋਗ ਦੇ ਰਹੀਆਂ ਹਨ| ਹਾਊਸ ਆਫ ਕਾਮਨਜ਼ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕੈਨੇਡੀਅਨ ਹਥਿਆਰਬੰਦ ਫੋਰਸਿਜ਼ ਸਟ੍ਰੈਟਿਕਜ ਜੁਆਇੰਟ ਸਟਾਫ ਦੇ ਡਾਇਰੈਕਟਰ ਆਫ ਸਟਾਫ ਮੇਜਰ ਜਨਰਲ ਟ੍ਰੇਵਰ ਕੈਡੀਯੂ ਨੇ ਕਿਹਾ ਕਿ ਫ਼ੌਜ ਇਸ ਕੋਸ਼ਿਸ਼ ਵਿਚ ਅਹਿਮ ਭੂਮਿਕਾ ਅਦਾ ਕਰੇਗੀ|ਉਨ੍ਹਾਂ ਕਿਹਾ ਕਿ ਅਸੀਂ ਇਕ ਰਾਸ਼ਟਰੀ ਆਪ੍ਰੇਸ਼ਨ ਸੈਂਟਰ ਸਥਾਪਿਤ ਕਰਨ ਵਿਚ ਸਹਾਇਤਾ ਕਰ ਰਹੇ ਹਾਂ ਜੋ ਟੀਕੇ ਦੀ ਵੰਡ ਦੀ ਨਿਗਰਾਨੀ ਕਰੇਗੀ| ਇਹ ਕਮਾਂਡ ਐਂਡ ਕੰਟਰੋਲ ਹੱਬ ਹੋਵੇਗਾ ਜੋ ਦੇਸ਼ ਭਰ ਵਿਚ ਕੋਰੋਨਾ ਦਾ ਟੀਕਾ ਵੰਡਣ ਵਿਚ ਖਾਸ ਭੂਮਿਕਾ ਨਿਭਾਵੇਗਾ| ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮੋਡਰੇਨਾ ਅਤੇ ਫਾਈਜ਼ਰ ਦੋ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਲਾ ਟੀਕਾ ਬਹੁਤ ਹੱਦ ਤੱਕ ਸਫਲ ਹੈ ਅਤੇ ਫਾਈਜ਼ਰ ਦਾ ਕਹਿਣਾ ਹੈ ਕਿ ਉਹ ਬ੍ਰਿਟੇਨ ਦੇ ਲੋਕਾਂ ਨੂੰ ਕ੍ਰਿਸਮਿਸ ਤੋਂ ਪਹਿਲਾਂ ਹੀ ਟੀਕਾ ਉਪਲਬਧ ਕਰਵਾ ਸਕਦੀ ਹੈ| ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਕੋਰੋਨਾ ਟੀਕੇ ਲਈ 1 ਬਿਲੀਅਨ ਡਾਲਰ ਖਰਚ ਕਰੇਗੀ|