ਪਟਨਾ – ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ (69) ਨੇ ਦੋ ਦਹਾਕਿਆਂ ’ਚ ਅੱਜ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ ’ਚ ਊਨ੍ਹਾਂ ਦੀ ਅਗਵਾਈ ਹੇਠ 14 ਮੈਂਬਰੀ ਮੰਤਰੀ ਮੰਡਲ ਨੂੰ ਹਲਫ਼ ਦਿਵਾਇਆ। ਭਾਜਪਾ ਦੇ ਦੋ ਆਗੂਆਂ ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਨੂੰ ਸੁਸ਼ੀਲ ਕੁਮਾਰ ਮੋਦੀ ਦੀ ਥਾਂ ’ਤੇ ਇਸ ਵਾਰ ਊਪ ਮੁੱਖ ਮੰਤਰੀ ਬਣਾਇਆ ਗਿਆ ਹੈ ਜਦਕਿ ਪਾਰਟੀ ਦੇ ਪੰਜ ਹੋਰ ਵਿਧਾਇਕ ਮੰਤਰੀ ਬਣੇ ਹਨ। ਮੰਤਰੀ ਮੰਡਲ ’ਚ ਜਨਤਾ ਦਲ (ਯੂ) ਦੇ 5, ਹਿੰਦੁਸਤਾਨੀ ਅਵਾਮ ਮੋਰਚਾ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਇਕ-ਇਕ ਆਗੂ ਨੂੰ ਥਾਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨਵੰਬਰ 2015 ਤੋਂ ਲਗਾਤਾਰ ਮੁੱਖ ਮੰਤਰੀ ਅਹੁਦੇ ’ਤੇ ਕਾਬਜ਼ ਹਨ। ਊਂਜ 2014-15 ਦੌਰਾਨ ਜੀਤਨ ਰਾਮ ਮਾਂਝੀ ਕੁਝ ਸਮੇਂ ਲਈ ਮੁੱਖ ਮੰਤਰੀ ਰਹੇ ਸਨ। ਨਿਤੀਸ਼ ਕੁਮਾਰ ਨੇ ਸ੍ਰੀਕ੍ਰਿਸ਼ਨਾ ਸਿੰਘ ਦੇ ਰਿਕਾਰਡ ਨੂੰ ਤੋੜਿਆ ਹੈ ਜੋ ਆਜ਼ਾਦੀ ਤੋਂ ਬਾਅਦ ਆਪਣੀ ਮੌਤ 1961 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ ਸਨ।ਭਾਜਪਾ ਦੇ ਦੋ ਊਪ ਮੁੱਖ ਮੰਤਰੀਆਂ ਸਮੇਤ ਮੰਗਲ ਪਾਂਡੇ, ਅਮਰੇਂਦਰ ਪ੍ਰਤਾਪ ਸਿੰਘ, ਰਾਮਪ੍ਰਿਤ ਪਾਸਵਾਨ, ਜਿਬੇਸ਼ ਕੁਮਾਰ ਅਤੇ ਰਾਮ ਸੂਰਤ ਰਾਏ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ। ਜਨਤਾ ਦਲ (ਯੂ) ਦੇ ਬਿਜੇਂਦਰ ਪ੍ਰਸਾਦ ਯਾਦਵ, ਅਸ਼ੋਕ ਚੌਧਰੀ, ਵਿਜੈ ਕੁਮਾਰ ਚੌਧਰੀ, ਮੇਵਾ ਲਾਲ ਚੌਧਰੀ ਅਤੇ ਸ਼ੀਲਾ ਕੁਮਾਰੀ ਮੰਡਲ ਨੂੰ ਮੰਤਰੀ ਬਣਾਇਆ ਗਿਆ ਹੈ। ਹਿੰਦੁਸਤਾਨੀ ਅਵਾਮ ਮੋਰਚਾ ਦੇ ਐੱਮਐੱਲਸੀ ਸੰਤੋਸ਼ ਕੁਮਾਰ ਸੁਮਨ, ਜਿਨ੍ਹਾਂ ਦੇ ਪਿਤਾ ਜੀਤਨ ਰਾਮ ਮਾਂਝੀ ਹਨ, ਨੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਬਾਨੀ ਮੁਕੇਸ਼ ਸਾਹਨੀ ਨਾਲ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਪਿਛਲੀ ਸਰਕਾਰ ’ਚ ਊੱਪ ਮੁੱਖ ਮੰਤਰੀ ਰਹੇ ਸੁਸ਼ੀਲ ਕੁਮਾਰ ਮੋਦੀ ਇਸ ਵਾਰ ਕੋਈ ਅਹੁਦਾ ਨਾ ਮਿਲਣ ਕਾਰਨ ਊੱਖੜੇ ਊੱਖੜੇ ਦਿਖਾਈ ਦਿੱਤੇ। ਭਾਜਪਾ ਦੇ ਹੰਢੇ ਹੋਏ ਆਗੂ ਨੰਦ ਕਿਸ਼ੋਰ ਯਾਦਵ ਨੂੰ ਨਵਾਂ ਸਪੀਕਰ ਬਣਾਇਆ ਜਾ ਸਕਦਾ ਹੈ। ਨੇਮਾਂ ਤਹਿਤ 243 ਮੈਂਬਰੀ ਬਿਹਾਰ ਵਿਧਾਨ ਸਭਾ ’ਚ ਵੱਧ ਤੋਂ ਵੱਧ 36 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਦਾ ਇਜਲਾਸ 23 ਨਵੰਬਰ ਨੂੰ ਸੱਦਿਆ ਜਾ ਸਕਦਾ ਹੈ। ਹਲਫ਼ਦਾਰੀ ਸਮਾਗਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਸਮੇਤ ਐੱਨਡੀਏ ਦੇ ਚੋਟੀ ਦੇ ਆਗੂ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐੱਨਡੀਏ ਪਰਿਵਾਰ ਹੁਣ ਸੂਬੇ ਦੀ ਤਰੱਕੀ ਲਈ ਰਲ ਕੇ ਕੰਮ ਕਰੇਗਾ।