ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਥ ਸੇਵਕ ਗਿਆਨੀ ਗੁਰਦਿੱਤ ਸਿੰਘ ਜਲਵੇਹੜਾ ਦੇ ਜੀਵਨ ਤੇ ਯੋਗਦਾਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਦੁਆਰਾ ਲਿਖੀ ਪੁਸਤਕ ਸੰਗਤ ਅਰਪਣ ਕੀਤੀ। ਪੁਸਤਕ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਥਕ ਸ਼ਖ਼ਸੀਅਤਾਂ ਦਾ ਜੀਵਨ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੁੰਦਾ ਹੈ ਅਤੇ ਅਜਿਹੀਆਂ ਸ਼ਖ਼ਸੀਅਤਾਂ ਵਿੱਚੋਂ ਹੀ ਗਿਆਨੀ ਗੁਰਦਿੱਤ ਸਿੰਘ ਜਲਵੇਹੜਾ ਵੀ ਇਕ ਹਨ। ਉਨ੍ਹਾਂ ਕਿਹਾ ਕਿ ਗਿਆਨੀ ਜਲਵੇਹੜਾ ਸਬੰਧੀ ਡਾ. ਪਰਮਜੀਤ ਸਿੰਘ ਸਰੋਆ ਵੱਲੋਂ ਪੁਸਤਕ ਜਿਥੇ ਸੰਗਤਾਂ ਨੂੰ ਪੰਥਕ ਸ਼ਖ਼ਸੀਅਤ ਦੀ ਦੇਣ ਬਾਰੇ ਜਾਣਕਾਰੀ ਦੇਵੇਗੀ, ਉਥੇ ਹੀ ਇਤਿਹਾਸ ਅਤੇ ਸਿੱਖ ਸਰੋਕਾਰਾਂ ਬਾਰੇ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਡਾ. ਅਮਰਜੀਤ ਸਿੰਘ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਸਤਸਰੂਪ ਸਿੰਘ ਸਾਬਕਾ ਆਈ.ਜੀ., ਬੀਬੀ ਵਰਿੰਦਰ ਕੌਰ, ਸ. ਤੇਜਿੰਦਰ ਸਿੰਘ ਅਤੇ ਬੀਬੀ ਸ਼ਾਕਸ਼ੀ ਕੌਰ ਵੀ ਮੌਜੂਦ ਸਨ।ਦੱਸਣਯੋਗ ਹੈ ਕਿ ਗਿਆਨੀ ਗੁਰਦਿੱਤ ਸਿੰਘ ਜਲਵੇਹੜਾ ਦਾ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵਿਚ ਯੋਗਦਾਨ ਰਿਹਾ। ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ ਅਤੇ ਰਹਿਤ ਮਰਯਾਦਾ ਦੀ ਕਾਇਮੀ ਵਿਚ ਉਨ੍ਹਾਂ ਨੇ ਯੋਗਦਾਨ ਪਾਇਆ। ਉਹ 1939 ਈ: ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ 1946 ਈਸਵੀ ਨੂੰ ਅੰਤ੍ਰਿੰਗ ਮੈਂਬਰ ਵੀ ਬਣੇ। ਉਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ਵਿਚ ਵੀ ਹਿੱਸਾ ਲਿਆ ਅਤੇ ਗ੍ਰਿਫ਼ਤਾਰੀ ਦਿੱਤੀ।