ਚੰਡੀਗੜ – ਲਿੰਗੀ ਸਮਾਨਤਾ ਦੇ ਸੰਦੇਸ਼ ਨੂੰ ਬਣਾਈ ਰੱਖਣ ਲਈ ਯੂਥ ਕਾਂਗਰਸ ਬਚਪਨ ਬਚਾਓ ਅੰਦੋਲਨ ਅਤੇ ਪ੍ਰਸਿੱਧ ਐਨਜੀਓ ਫਾਈਟ ਫ਼ਾਰ ਰਾਈਟ ਦੀ ਪਹਿਲਕਦਮੀ ਨਾਲ ਹੁਸ਼ਿਆਰਪੁਰ ਤੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪੰਜਾਬ ਯੂਥ ਕਾਂਗਰਸ (ਪੀ.ਵਾਈ.ਸੀ.) ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਥ ਕਾਂਗਰਸ ਬਚਪਨ ਬਚਾਓ ਅੰਦੋਲਨ ਅਤੇ ਪ੍ਰਸਿੱਧ ਐਨ.ਜੀ.ਓ ਫਾਈਟ ਫਾਰ ਰਾਈਟ ਨਾਲ ਮਿਲ ਕੇ ਹੁਸ਼ਿਆਰਪੁਰ ਤੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੇਗੀ।ਇਸ ਮੰਤਵ ਲਈ ਸਮੂਹ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਇਹ ਮੁੱਦਾ ਸੌੜੇ ਸਿਆਸੀ ਹਿੱਤਾਂ ਤੋਂ ਉਪਰ ਹੈ ਅਤੇ ਪੰਜਾਬ ਯੂਥ ਕਾਂਗਰਸ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇਸ ਸਬੰਧੀ ਜਾਗਰੂਕਤਾ ਲਿਆਵੇਗੀ। ਇਸ ਮੰਤਵ ਲਈ ਸਿਮਰਨਜੀਤ ਕੌਰ ਗਿੱਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਤਰਾਂ ਦੇ ਯਤਨਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਲਿੰਗ ਸਬੰਧੀ ਯੋਗ ਸਿੱਖਿਆ ਚੰਗੇ ਗੁਣ ਪੈਦਾ ਕਰੇਗੀ ਅਤੇ ਬੱਚਿਆਂ ‘ਤੇ ਮਾੜਾ ਪ੍ਰਭਾਵ ਨਹੀਂ ਪਾਵੇਗੀ। ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸੈਕਸ ਐਜੂਕੇਸ਼ਨ ਸਿਰਫ਼ ਪਰਿਵਾਰਾਂ ਤੱਕ ਸੀਮਿਤ ਹੋਣੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਖੁਦ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਿਖਿਅਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਵਿਚਾਰ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਇਸ ਸਿੱਖਿਆ ਨੂੰ ਇੱਕ ਉੱਚਿਤ ਜ਼ਰੀਏ ਦੀ ਜ਼ਰੂਰਤ ਹੈ ਜਿਸ ਰਾਹੀਂ ਇਹ ਹਰ ਇਕ ਤੱਕ ਪਹੁੰਚਾਈ ਜਾ ਸਕੇ।ਇਸ ਮੁੱਦੇ ਨਾਲ ਨਜਿੱਠਣ ਲਈ ਸਕੂਲ ਦੇ ਪਾਠਕ੍ਰਮ ਵਿੱਚ ਸੈਕਸ ਐਜੂਕੇਸ਼ਨ ਨੂੰ ਸ਼ਾਮਲ ਕਰਨ ਦੀ ਮਹਤਤਾ ਬਾਰੇ ਗੱਲ ਕਰਦਿਆਂ ਪੰਜਾਬ ਯੂਥ ਕਾਂਗਰਸ (ਪੀ.ਵਾਈ.ਸੀ.) ਦੇ ਪ੍ਰਧਾਨ ਨੇ ਕਿਹਾ ਕਿ ਇਹ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਸਿਲੇਬਸ ਨਾਲ ਹੀ ਲਾਗੂ ਕੀਤਾ ਜਾ ਸਕਦਾ ਹੈ ਜਿਸ ਵਿੱਚ ਨੌਜਵਾਨਾਂ ਲਈ ਸੈਕਸ ਐਜੂਕੇਸ਼ਨ ਦੇ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਜਾਵੇ। ਇਹ ਪਾਠਕ੍ਰਮ ਦਾ ਮਹੱਤਵਪੂਰਣ ਹਿੱਸਾ ਹੋਣਾ ਚਾਹੀਦਾ ਹੈ ਜੋ ਨੌਜਵਾਨਾਂ ਨੂੰ ਅਜਿਹੇ ਵਿਵਹਾਰਾਂ ਦੇ ਅਨੈਤਿਕ ਅਤੇ ਅਣਮਨੁੱਖੀ ਪੱਖ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ।ਬੱਚਿਆਂ ਨੂੰ ਚੰਗੇ ਅਤੇ ਮਾੜੇ ਢੰਗ ਨਾਲ ਛੂਹਣ ਬਾਰੇ ਜਾਗਰੂਕ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀਮਤੀ ਸਿਮਰਨਜੀਤ ਕੌਰ ਗਿੱਲ ਨੇ ਬੱਚਿਆਂ ਨਾਲ ਬਦਸਲੂਕੀ ਦੇ ਕਈ ਮਾਮਲਿਆਂ ਵਿਚ ਉਨਾਂ ਦੁਆਰਾ ਕੀਤੀ ਗਈ ਤੁਰੰਤ ਕਾਰਵਾਈ ਬਾਰੇ ਵੀ ਚਾਨਣਾ ਪਾਇਆ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀ ਐਨਜੀਓ ਨੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੀ ਸਹਾਇਤਾ ਨਾਲ ਰਾਜ ਦੇ 200 ਸਕੂਲਾਂ ਨੂੰ ਕਵਰ ਕੀਤਾ ਹੈ ਅਤੇ ਬੱਚਿਆਂ ਨੂੰ ਉਨਾਂ ਦੇ ਅਧਿਕਾਰਾਂ ਅਤੇ ਹੋਰ ਸਬੰਧਤ ਪਹਿਲੂਆਂ ਤੋਂ ਜਾਣੂ ਕਰਵਾਇਆ ਹੈ। ਉਨਾਂ ਕਿਹਾ ਕਿ ਯੂ ਐਨ ਓ ਵੱਲੋਂ ਫੰਡ ਪ੍ਰਾਪਤ ਬਚਪਨ ਬਚਾਓ ਅੰਦੋਲਨ ਦਾ ਉਦੇਸ਼ ਹਰ ਬੱਚੇ ਲਈ ਢੁੱਕਵਾਂ ਸੁਰੱਖਿਆ ਮਾਹੌਲ ਸਿਰਜਣਾ ਹੈ।ਇਸ ਮੌਕੇ ‘ਜਨ ਜਨ ਦੀ ਇਹ ਆਵਾਜ਼ ਬਾਲ ਸੋਸ਼ਣ ਮੁਕਤ ਪੰਜਾਬ‘ ਦਾ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ।