ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਲਗਾਈ ਗਈ ਚਿੱਤਰਕਲਾ ਵਰਕਸ਼ਾਪ ਦੌਰਾਨ 31 ਚਿੱਤਰਕਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਦੇ ਚਿੱਤਰ ਬਣਾਏ ਗਏ ਹਨ। ਅੱਜ ਚਿੱਤਰਕਲਾ ਵਰਕਸ਼ਾਪ ਦੇ ਆਖ਼ਰੀ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਚਿੱਤਰਕਾਰਾਂ ਦੀ ਹੌਸਲਾ ਅਫ਼ਜਾਈ ਲਈ ਸਨਮਾਨਿਤ ਰਾਸ਼ੀ ਦੇ ਚੈੱਕ ਦੇ ਕੇ ਨਿਵਾਜਿਆ, ਉਥੇ ਹੀ ਚਿੱਤਰਕਾਰਾਂ ਵੱਲੋਂ ਤਿਆਰ ਕੀਤੇ ਗਏ ਚਿੱਤਰਾਂ ਦੀ ਭਰਵੀਂ ਸ਼ਲਾਘਾ ਕੀਤੀ। ਭਾਈ ਲੌਂਗੋਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਇਸ ਦੀਆਂ ਕੌਮ ਪ੍ਰਤੀ ਪ੍ਰਾਪਤੀਆਂ ਵੀ ਵੱਡੀਆਂ ਹਨ। ਉਨ੍ਹਾਂ ਕਿਹਾ ਕਿ ਸੌ ਸਾਲਾ ਸਥਾਪਨਾ ਦਿਵਸ ਮੌਕੇ ਇਨ੍ਹਾਂ ਚਿੱਤਰਕਾਰਾਂ ਵੱਲੋਂ ਤਿਆਰ ਕੀਤੀਆਂ ਤਸਵੀਰਾਂ ਦੀ ਚਿੱਤਰ ਪ੍ਰਦਰਸ਼ਨੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਆਖਿਆ ਕਿ ਇਤਿਹਾਸਕ ਘਟਨਾਵਾਂ ਨੂੰ ਤਰੀਕ ਅਤੇ ਸਾਲ ਮੁਤਾਬਿਕ ਚਿੱਤਰਾਂ ਵਿਚ ਢਾਲਣਾ ਚਿੱਤਰਕਾਰਾਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਤਿਹਾਸਕ ਚਿੱਤਰ ਤਿਆਰ ਕਰਕੇ ਪ੍ਰਦਰਸ਼ਤ ਕਰਨ ਦਾ ਮੰਤਵ ਅਜੋਕੀ ਪੀੜ੍ਹੀ ਅਤੇ ਨੌਜੁਆਨੀ ਨੂੰ ਸਿੱਖੀ ਦੇ ਕੁਰਬਾਨੀਆਂ ਭਰੇ ਵਿਰਸੇ ਦੇ ਰੂ-ਬ-ਰੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਤਿਆਰ ਕੀਤੇ ਗਏ ਚਿੱਤਰ ਜਿਥੇ ਸ਼ਤਾਬਦੀ ਸਮਾਗਮਾਂ ਦੌਰਾਨ ਸਜਾਏ ਜਾਣਗੇ, ਉਥੇ ਹੀ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਭਵਿੱਖ ਵਿਚ ਪ੍ਰਦਰਸ਼ਨੀ ਰੂਪ ਵਿਚ ਸੰਗਤ ਦੇ ਰੂ-ਬ-ਰੂ ਕੀਤੇ ਜਾਣਗੇ। ਇਸ ਦੌਰਾਨ ਭਾਈ ਲੌਂਗੋਵਾਲ ਨੇ ਪੰਜ ਵਧੀਆ ਚਿੱਤਰਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਹਰਵਿੰਦਰ ਸਿੰਘ ਖਾਲਸਾ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਨਰਿੰਦਰ ਸਿੰਘ ਮਥਰੇਵਾਲ, ਸ. ਇਕਬਾਲ ਸਿੰਘ ਮੁਖੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਭਾਈ ਜਗਦੇਵ ਸਿੰਘ, ਸ. ਦਰਸ਼ਨ ਸਿੰਘ ਲੌਂਗੋਵਾਲ ਆਦਿ ਮੌਜੂਦ ਸਨ।