ਫਰਿਜ਼ਨੋ – ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਟੀਕਾ ਇਜ਼ਾਦ ਕਰਨ ਵਿੱਚ ਲੱਗੀ ਡਰੱਗ ਕੰਪਨੀ ਫਾਈਜ਼ਰ ਨੇ ਸੋਮਵਾਰ ਨੂੰ ਕਿਹਾ ਕਿ ਇਸਦੇ ਮੁੱਢਲੇ ਪ੍ਰੀਖਣ ਤੋਂ ਪਤਾ ਚਲਿਆ ਹੈ ਕਿ ਕੋਵਿਡ -19 ਲਈ ਇਸ ਦੇ ਟੀਕੇ ਲਾਗ ਨੂੰ ਰੋਕਣ ਲਈ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹਨ। ਫਾਰਮਾ ਸਿਟੀਕਲ ਫਾਈਜ਼ਰ ਅਤੇ ਇਸਦੀ ਜਰਮਨ ਸਾਂਝੇਦਾਰ ਬਾਇਓਨਟੈਕ ਐਸ ਈ ਨੇ ਕਿਹਾ ਕਿ ਵਾਇਰਸ ਵਿਰੁੱਧ ਲੜਾਈ ਦਾ ਇੱਕ ਵੱਡਾ ਕਦਮ ਹੈ।ਇਸ ਬਿਮਾਰੀ ਨੇ ਵਿਸ਼ਵਵਿਆਪੀ ਆਰਥਿਕਤਾ ਤੇ ਵਾਰ ਕਰਨ ਦੇ ਨਾਲ ਅਰਬਾਂ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਵੀ ਦਰੜ ਦਿੱਤਾ ਹੈ ਅਤੇ 1.26 ਮਿਲੀਅਨ ਲੋਕਾਂ ਦੀ ਮੌਤ ਵੀ ਹੋਈ ਹੈ ਜਿਹਨਾਂ ਵਿੱਚੋਂ ਲਗਭਗ 240,000 ਇਕੱਲੇ ਅਮਰੀਕਾ ਵਿੱਚ ਹੋਈਆਂ ਹਨ। ਫਾਈਜ਼ਰ ਅਤੇ ਬਾਇਓਨਟੈਕ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀਆਂ ਮੁੱਢਲੀਆਂ ਖੋਜਾਂ ਵਿੱਚ ਇਸ ਨੇ ਉਮੀਦ ਨਾਲੋਂ ਵੱਧ ਸਫਲਤਾ ਦਰ ਦਰਸਾਈ ਹੈ। ਇਸਦੇ ਪ੍ਰੀਖਣ ਦੌਰਾਨ ਜਿਹਨਾਂ ਲੋਕਾਂ ਨੂੰ ਇਸਦਾ ਇਲਾਜ ਦਿੱਤਾ ਗਿਆ ਹੈ ਉਹਨਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਦੇ ਮੁਕਾਬਲੇ 90 ਪ੍ਰਤੀਸ਼ਤ ਘੱਟ ਲੱਛਣ ਵੇਖੇ ਗਏ। ਰਾਸ਼ਟਰਪਤੀ ਚੁਣੇ ਗਏ ਜੋਏ ਬਾਈਡੇਨ ਨੇ ਵੀ ਇਸ ਖਬਰ ਦਾ ਸਵਾਗਤ ਕੀਤਾ ਹੈ।ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵਾਇਰਸ ਪ੍ਰਤੀ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਯੂਕੇ ਸਰਕਾਰ ਦੇ ਟੀਕਾ ਸਲਾਹਕਾਰ ਜੌਨ ਬੈੱਲ ਨੇ ਵੀ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਬਸੰਤ ਰੁੱਤ ਤੱਕ ਜ਼ਿੰਦਗੀ ਆਮ ਵਾਂਗ ਵਾਪਸ ਆ ਸਕਦੀ ਹੈ। ਇਸਦੇ ਨਾਲ ਹੀ ਕੰਪਨੀ ਅਨੁਸਾਰ ਇਸਦੇ ਸਫਲ ਪ੍ਰੀਖਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਟੀਕਾ ਤੁਰੰਤ ਵਰਤੋਂ ਵਿੱਚ ਆ ਜਾਵੇਗਾ। ਵਿਸ਼ਵ ਵਿਆਪੀ ਪੱਧਰ ‘ਤੇ ਜਾਣ ਤੱਕ ਇਸਨੂੰ ਟਾਈਮ ਲੱਗ ਸਕਦਾ ਹੈ।