ਤਜਰਬੇਕਾਰ ਕੇਨ ਵਿਲੀਅਮਸਨ ਦੀ ਅਜੇਤੂ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਤੇ ਆਲਰਾਊਂਡਰ ਜੇਸਨ ਹੋਲਡਰ (25 ਦੌੜਾਂ ‘ਤੇ 3 ਵਿਕਟਾਂ ਤੇ ਅਜੇਤੂ 24 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਦੇ ਐਲਿਮੀਨੇਟਰ ‘ਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 ‘ਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਮੁਕਾਬਲਾ 8 ਨਵੰਬਰ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ। ਹੈਦਰਾਬਾਦ ਨੇ ਬੈਂਗਲੁਰੂ ਨੂੰ 20 ਓਵਰਾਂ ‘ਚ 7 ਵਿਕਟ ‘ਤੇ 131 ਦੌੜਾਂ ਦੇ ਸਕੋਰ ‘ਤੇ ਰੋਕਿਆ ਤੇ ਹੈਦਰਾਬਾਦ ਨੇ 4 ਵਿਕਟਾਂ ‘ਤੇ 19.4 ਓਵਰਾਂ ‘ਚ ਇਹ ਟੀਚਾ ਹਾਸਲ ਕਰ ਲਿਆ। ਇਸ ਹਾਰ ਦੇ ਨਾਲ ਹੀ ਵਿਰਾਟ ਕੋਹਲੀ ਦੀ ਬੈਂਗਲੁਰੂ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।ਹੈਦਰਾਬਾਦ ਦਾ 8 ਨਵੰਬਰ ਨੂੰ ਆਬੂ ਧਾਬੀ ‘ਚ ਹੀ ਹੋਣ ਵਾਲੇ ਦੂਜੇ ਕੁਆਲੀਫਾਇਰ ‘ਚ ਦਿੱਲੀ ਕੈਪੀਟਲਸ ਦੇ ਨਾਲ ਮੁਕਾਬਲਾ ਹੋਵੇਗਾ ਤੇ ਇਸ ਮੁਕਾਬਲੇ ਦੀ ਜੇਤੂ ਟੀਮ 10 ਨਵੰਬਰ ਨੂੰ ਫਾਈਨਲ ‘ਚ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। ਡਿਵੀਲੀਅਰਸ ਨੇ 16ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੌਕਾ ਲਗਾ ਕੇ ਇਸ ਸੈਸ਼ਨ ਦਾ ਆਪਣਾ 5ਵਾਂ ਅਤੇ ਆਈ. ਪੀ. ਐੱਲ. ਆਪਣਾ 38ਵਾਂ ਅਰਧ ਸੈਂਕੜਾ ਪੂਰਾ ਕੀਤਾ। ਨਟਰਾਜਨ ਨੇ 18ਵੇਂ ਓਵਰ ‘ਚ ਡਿਵੀਲੀਅਰਸ ਨੂੰ ਬੋਲਡ ਕੀਤਾ। ਨਵਦੀਪ ਸੈਣੀ ਨੇ ਅਜੇਤੂ 9 ਤੇ ਮੁਹੰਮਦ ਸਿਰਾਜ ਨੇ ਅਜੇਤੂ 10 ਦੌੜਾਂ ਬਣਾ ਕੇ ਬੈਂਗਲੁਰੂ ਨੂੰ 131 ਤੱਕ ਪਹੁੰਚਾਇਆ। ਦੋਵਾਂ ਨੇ ਇਕ-ਇਕ ਚੌਕਾ ਲਗਾਇਆ। ਹੋਲਡਰ ਨੇ 25 ਦੌੜਾਂ ‘ਤੇ ਤਿੰਨ ਵਿਕਟਾਂ, ਨਟਰਾਜਨ ਨੇ 33 ਦੌੜਾਂ ‘ਤੇ 2 ਵਿਕਟਾਂ ਤੇ ਨਦੀਮ ਨੇ 30 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ।ਵਾਰਨਰ ਨੇ ਇਸ ਆਈ. ਪੀ. ਐੱਲ. ‘ਚ 11ਵੀਂ ਬਾਰ ਟਾਸ ਜਿੱਤਿਆ ਤੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਹੋਲਡਰ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਠੀਕ ਸਾਬਤ ਕਰਦੇ ਹੋਏ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਤੇ ਦੇਵਦੱਤ ਪਡੀਕਲ ਨੂੰ 15 ਦੌੜਾਂ ਦੇ ਸਕੋਰ ਤੱਕ ਪੈਵੇਲੀਅਨ ਭੇਜ ਕੇ ਬੈਂਗਲੁਰੂ ਨੂੰ ਸ਼ੁਰੂਆਤ ਤੋਂ ਹੀ ਬੈਕਫੁਟ ‘ਤੇ ਧੱਕ ਦਿੱਤਾ। ਏ ਬੀ ਡਿਵੀਲੀਅਰ ਨੇ ਇਕਪਾਸੜ ਸੰਘਰਸ਼ ਕਰਦੇ ਹੋਏ 43 ਗੇਂਦਾਂ ‘ਚ ਪੰਜ ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ ਤੇ 18ਵੇਂ ਓਵਰ ‘ਚ ਆਊਟ ਹੋਏ। ਆਰੋਨ ਫਿੰਚ ਨੇ 30 ਗੇਂਦਾਂ ‘ਤੇ 32 ਦੌੜਾਂ ‘ਚ ਤਿੰਨ ਚੌਕੇ ਤੇ 1 ਛੱਕਾ ਲਗਾਇਆ। ਫਿੰਚ ਤੇ ਏ ਬੀ ਨੇ ਤੀਜੇ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਬੈਂਗਲੁਰੂ ਦੀ ਪਾਰੀ ‘ਚ ਇਹ ਸਭ ਤੋਂ ਵੱਡੀ ਸਾਂਝੇਦਾਰੀ ਰਹੀ।