ਕਾਂਗਰਸ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਤੇ ਪਾਰਟੀ ਦੇ ਰਣਦੀਪ ਸਿੰਘ ਸੁਰਜੇਵਾਲਾ ਨੇ ਕੇਂਦਰੀ ਏਜੰਸੀ ਸੀਬੀਆਈ ਵੱਲੋਂ ਸਾਬਕਾ ਮੰਤਰੀ ਵਿਨੈ ਕੁਲਕਰਨੀ ਨੂੰ ਹੱਤਿਆ ਦੇ ਕੇਸ ’ਚ ਗ੍ਰਿਫ਼ਤਾਰ ਕੀਤੇ ਜਾਣ ’ਤੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਾਂਗਰਸ ਆਗੂਆਂ ਦਾ ‘ਸ਼ਿਕਾਰ’ ਕਰ ਰਹੀ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ‘ਕਠਪੁਤਲੀ ਸੀਬੀਆਈ’ ਵੱਲੋਂ ਵਿਨੈ ਕੁਲਕਰਨੀ ਦੀ ਗ੍ਰਿਫ਼ਤਾਰੀ ਮੁੱਖ ਮੰਤਰੀ ਯੇਦੀਯੁਰੱਪਾ ਅਤੇ ਭਾਜਪਾ ਲੀਡਰਸ਼ਿਪ ਦੀ ਸਾਜ਼ਿਸ਼ ਅਤੇ ਨਾਪਾਕ ਇਰਾਦਿਆਂ ਨੂੰ ਜੱਗ ਜ਼ਾਹਿਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਅਜਿਹੇ ਢੰਗ-ਤਰੀਕਿਆਂ ਨਾਲ ਡਰਾਇਆ ਨਹੀਂ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਨੈ ਕੁਲਕਰਨੀ ਨੂੰ ਭਾਜਪਾ ਜ਼ਿਲ੍ਹਾ ਪੰਚਾਇਤ ਮੈਂਬਰ ਯੋਗੀਸ਼ਗੌੜਾ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।