ਨਵੀਂ ਦਿੱਲੀ – ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਕੋਲ ਹਾਲਾਤ ਹੁਣ ਵੀ ਤਣਾਅਪੂਰਨ ਬਣੇ ਹੋਏ ਹਨ| ਉਨ੍ਹਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਲੱਦਾਖ ਵਿੱਚ ਆਪਣੀ ਗੁਸਤਾਖੀ ਨੂੰ ਲੈ ਕੇ ਭਾਰਤੀ ਫੋਰਸਾਂ ਦੀ ਮਜ਼ਬੂਤ ਪ੍ਰਤੀਕਿਰਿਆ ਕਾਰਨ ਅਣਚਾਹੇ ਨਤੀਜਿਆਂ ਦਾ ਸਾਹਮਣਾ ਕਰ ਰਹੀ ਹੈ| ਉਹਨਾਂ ਕਿਹਾ ਕਿ ਸਾਡਾ ਰੁਖ ਸਪੱਸ਼ਟ ਹੈ ਕਿ ਅਸੀਂ ਐਲ.ਏ.ਸੀ. ਤੇ ਕੋਈ ਤਬਦੀਲੀ ਸਵੀਕਾਰ ਨਹੀਂ ਕਰਾਂਗੇ| ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ਵਿੱਚ ਐਲ.ਏ.ਸੀ. ਤੇ ਹਾਲਾਤ ਹੁਣ ਵੀ ਤਣਾਅਪੂਰਨ ਬਣੇ ਹੋਏ ਹਨ| ਉਹਨਾਂ ਕਿਹਾ ਕਿ ਸਰਹੱਦ ਤੇ ਝੜਪਾਂ ਅਤੇ ਬਿਨਾਂ ਉਕਸਾਵੇ ਦੇ ਫੌਜੀ ਕਾਰਵਾਈ ਦੇ ਵੱਡੇ ਸੰਘਰਸ਼ ਵਿੱਚ ਤਬਦੀਲ ਹੋਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ| ਜਿਕਰਯੋਗ ਹੈ ਕਿ ਪੂਰਬੀ ਲੱਦਾਖ ਵਿੱਚ ਹੱਡ ਜੰਮਾ ਦੇਣ ਵਾਲੀ ਠੰਡ ਵਿੱਚ ਭਾਰਤ ਦੇ ਲਗਭਗ 50,000 ਫੌਜੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਰਬਤੀ ਉੱਚਾਈਆਂ ਤੇ ਤਾਇਨਾਤ ਹਨ| 6 ਮਹੀਨਿਆਂ ਤੋਂ ਚੱਲ ਰਹੇ ਇਸ ਤਣਾਅ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਪਹਿਲਾਂ ਹੋਈ ਕਈ ਦੌਰ ਦੀ ਗੱਲਬਾਤ ਦਾ ਹੁਣ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ| ਅਧਿਕਾਰੀਆਂ ਅਨੁਸਾਰ ਚੀਨੀ ਫੌਜ ਨੇ ਵੀ ਲਗਭਗ 50,000 ਫੌਜੀ ਤਾਇਨਾਤ ਕੀਤੇ ਹਨ| ਭਾਰਤ ਕਹਿੰਦਾ ਰਿਹਾ ਹੈ ਕਿ ਫੌਜੀਆਂ ਨੂੰ ਹਟਾਉਣ ਅਤੇ ਤਣਾਅ ਘੱਟ ਕਰਨ ਦੀ ਜ਼ਿੰਮੇਵਾਰੀ ਚੀਨ ਦੀ ਹੈ| ਸ੍ਰੀ ਰਾਵਤ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੇ ਲਗਾਤਾਰ ਦਖਲਅੰਦਾਜੀ ਅਤੇ ਭਾਰਤ ਵਿਰੁੱਧ ਬਿਆਨਬਾਜ਼ੀ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਹੋਰ ਵੀ ਖਰਾਬ ਹੋ ਗਏ ਹਨ|