ਅੰਮ੍ਰਿਤਸਰ -ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਿਛਲੇ ਦਿਨਾਂ ਤੋਂ ਨਿਰੰਤਰ ਕਥਾ ਵਿਚਾਰ ਕਰ ਰਹੇ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਅੱਜ ਕਥਾ ਸਮਾਪਤੀ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਹ 25 ਅਕਤੂਬਰ ਤੋਂ ਲਗਾਤਾਰ ਕਥਾ ਦੀ ਸੇਵਾ ਨਿਭਾਅ ਰਹੇ ਸਨ, ਜਿਸ ਦੇ ਆਖਰੀ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਭਾਈ ਪਿੰਦਰਪਾਲ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਕਿਹਾ ਕਿ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਾ ਸਭ ਤੋਂ ਵੱਡੀ ਸੇਵਾ ਹੈ, ਜੋ ਭਾਈ ਪਿੰਦਰਪਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਹੈ। ਇਨ੍ਹਾਂ ਨੇ ਦੇਸ਼ ਵਿਦੇਸ਼ ਅੰਦਰ ਸਿੱਖੀ ਦੇ ਪ੍ਰਚਾਰ ਲਈ ਯੋਗਦਾਨ ਪਾਇਆ ਅਤੇ ਦੇਸ਼ ਦੁਨੀਆਂ ਦੀ ਸੰਗਤਾਂ ਅੰਦਰ ਇਨ੍ਹਾਂ ਪ੍ਰਤੀ ਵੱਡਾ ਸਤਿਕਾਰ ਵੀ ਹੈ। ਉਨ੍ਹਾਂ ਭਾਈ ਪਿੰਦਰਪਾਲ ਸਿੰਘ ਦਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਤਾਰ 11 ਦਿਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਕਰਨ ’ਤੇ ਧੰਨਵਾਦ ਕੀਤਾ। ਇਸੇ ਦੌਰਾਨ ਭਾਈ ਪਿੰਦਰਪਾਲ ਸਿੰਘ ਨੂੰ ਸ਼ਹਿਰ ਦੀਆਂ ਵੱਖ-ਵੱਖ ਸਭਾ-ਸੁਸਾਇਟੀਆਂ ਅਤੇ ਸੰਗਤਾਂ ਨੇ ਵੀ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਸ. ਰਾਜਿੰਦਰ ਸਿੰਘ ਰੂਬੀ, ਸ. ਬਲਦੇਵ ਸਿੰਘ, ਗਿਆਨੀ ਚਰਨ ਸਿੰਘ, ਭਾਈ ਹਰਮਿੱਤਰ ਸਿੰਘ, ਭਾਈ ਜਗਦੇਵ ਸਿੰਘ, ਸ. ਤਰਲੋਚਨ ਸਿੰਘ, ਕਾਬਲੀ ਸੰਗਤ ਵੱਲੋਂ ਭਾਈ ਹੀਰਾ ਸਿੰਘ, ਸ. ਨਰਿੰਦਰਪਾਲ ਸਿੰਘ ਪਾਲੀ, ਭਾਈ ਸ਼ਰਨਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਸਤਨਾਮ ਸਿੰਘ ਆਦਿ ਮੌਜੂਦ ਸਨ।