ਅਮਰੀਕਾ ਦੇ ਵਿਰਜੀਨੀਆ ਵਿਚ ਪੰਜ ਦਿਨਾਂ ਦੀ ਭਾਲ ਤੋਂ ਬਾਅਦ ਲਾਪਤਾ ਹੋਏ 27 ਬੱਚਿਆਂ ਨੂੰ ਲੱਭ ਲਿਆ ਗਿਆ ਹੈ। ਸੰਯੁਕਤ ਰਾਜ ਦੀ ਮਾਰਸ਼ਲ ਸਰਵਿਸ ਦੀ ਅਗਵਾਈ ਵਿਚ ਚੱਲ ਰਹੇ ਆਪ੍ਰੇਸ਼ਨਾਂ ਦੀ ਇਕ ਲੜੀ ਨੇ ਇਸ ਸਾਲ ਸੈਂਕੜੇ ਖ਼ਤਰੇ ਵਿਚ ਪੈ ਚੁੱਕੇ ਨੌਜਵਾਨਾਂ ਨੂੰ ਉਹਨਾਂ ਦੇ ਕਾਨੂੰਨੀ ਸਰਪ੍ਰਸਤਾਂ ਨਾਲ ਦੁਬਾਰਾ ਮਿਲਾਇਆ ਹੈ। ਜਸਟਿਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 60 ਤੋਂ ਵੱਧ ਜਾਂਚ ਕਰਤਾਵਾਂ ਨੇ ਵਿਰਜੀਨੀਆ ਦੇ ਸ਼ੋਸ਼ਲ ਸੇਵਾਵਾਂ ਵਿਭਾਗ, ਨੈਸ਼ਨਲ ਸੈਂਟਰ ਅਤੇ ਮੈਡੀਕਲ ਪੇਸ਼ੇਵਰਾਂ ਦੀ ਇੱਕ ਟੀਮ ਨਾਲ ਮਿਲ ਕੇ ਬੱਚਿਆਂ ਨੂੰ ਵਾਪਿਸ ਲਿਆਉਣ ਲਈ ਸਾਂਝੇ ਰੂਪ ਵਿੱਚ ਕੰਮ ਕੀਤਾ। ਇਸ ਅਪ੍ਰੇਸ਼ਨ ਦੌਰਾਨ ਛੇ ਹੋਰ ਬੱਚੇ ਜਿਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਸੀ ਨੂੰ ਕਾਰਵਾਈ ਦੌਰਾਨ ਉਨ੍ਹਾਂ ਦੇ ਕਾਨੂੰਨੀ ਸਰਪ੍ਰਸਤਾਂ ਦੀ ਹਿਰਾਸਤ ਵਿੱਚ ਪਾਇਆ ਗਿਆ।ਵਿਰਜੀਨੀਆ ਦੀ ਤਰ੍ਹਾਂ ਦੇ ਅਜਿਹੇ ਹੋਰ ਮਿਸ਼ਨ ਓਹੀਓ, ਜਾਰਜੀਆ, ਇੰਡੀਆਨਾ ਅਤੇ ਹੋਰ ਰਾਜਾਂ ਵਿਚ ਵੀ ਕੀਤੇ ਗਏ ਅਤੇ 440 ਤੋਂ ਵੱਧ ਬੱਚਿਆਂ ਨੂੰ ਸਫਲਤਾਪੂਰਵਕ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਸੰਯੁਕਤ ਰਾਜ ਮਾਰਸ਼ਲਜ਼ ਨੇ ਪਿਛਲੇ ਹਫਤੇ ਵੀ ਓਹੀਓ ਵਿੱਚ “ਆਪ੍ਰੇਸ਼ਨ ਔਟਮ ਹੋਪ” ਦੌਰਾਨ 45 ਲਾਪਤਾ ਬੱਚਿਆਂ ਦੀ ਬਰਾਮਦਗੀ ਦਾ ਐਲਾਨ ਕੀਤਾ ਸੀ, ਜਿਸ ਦੇ ਨਤੀਜੇ ਵਜੋਂ 179 ਗ੍ਰਿਫਤਾਰੀਆਂ ਵੀ ਹੋਈਆਂ ਸਨ। ਜਿਕਰਯੋਗ ਹੈ ਕਿ ਸੰਯੁਕਤ ਰਾਜ ਮਾਰਸ਼ਲ ਸਰਵਿਸ ਨੇ ਪਿਛਲੇ ਪੰਜ ਸਾਲਾਂ ਵਿੱਚ 75% ਦੀ ਸਫਲਤਾ ਦਰ ਨਾਲ 2000 ਤੋਂ ਵੱਧ ਗੁੰਮਸ਼ੁਦਾ ਬੱਚਿਆਂ ਨੂੰ ਬਰਾਮਦ ਕੀਤਾ ਹੈ।