ਲੁਧਿਆਣਾ, 25 ਮਈ 2020 – ਅੱਜ ਵਿਸ਼ਵ ਭਰ ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਹਾਲਾਂਕਿ ਕਰੋਨਾ ਕਰਕੇ ਈਦ ਤੇ ਵੀ ਇਸ ਦਾ ਅਸਰ ਵਿਖਾਈ ਦਿੱਤਾ ਮਸਜਿਦਾਂ ਦੇ ਵਿੱਚ ਜ਼ਿਆਦਾ ਭੀੜ ਨਹੀਂ ਜੁਟਾਈ ਗਈ ਕੁਝ ਹੀ ਲੋਕਾਂ ਨੂੰ ਸੱਦ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਲੁਧਿਆਣਾ ਦੀ ਜਾਮਾ ਮਸਜਿਦ ਵਿਖੇ ਵੀ ਕੁਝ ਲੋਕ ਹੀ ਆਏ ਅਤੇ ਉਨ੍ਹਾਂ ਵੱਲੋਂ ਆਪਸ ਵਿੱਚ ਦਾਇਰਾ ਬਣਾ ਕੇ ਖੁਦ ਨੂੰ ਸੈਨੇਟਾਈਜ਼ ਕਰ ਕੇ ਨਮਾਜ਼ ਅਦਾ ਕੀਤੀ ਗਈ ਇਸ ਦੌਰਾਨ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਨੇ ਸਮੁੱਚੀ ਮਨੁੱਖਤਾ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਇਸ ਬਿਮਾਰੀ ਨਾਲ ਇਕਜੁੱਟ ਹੋ ਕੇ ਲੜਨ ਦਾ ਸੁਨੇਹਾ ਵੀ ਦਿੱਤਾ।
ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਨ੍ਹਾਂ ਵੱਲੋਂ ਵੀ ਸਾਵਧਾਨੀ ਵਰਤ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਨਵੇਂ ਕੱਪੜੇ ਲੈਣ ਦੀ ਥਾਂ ਪੁਰਾਣੇ ਕੱਪੜੇ ਪਾਏ ਨੇ ਅਤੇ ਨਵੇਂ ਕੱਪੜਿਆਂ ਦੇ ਪੈਸੇ ਲੋੜਵੰਦਾਂ ਨੂੰ ਦਾਨ ਕੀਤੇ ਹਨ।
ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੀ ਵਿਸ਼ਵ ਦੀ ਸਿਹਤਯਾਬੀ ਦੀ ਅੱਜ ਦੁਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਆਪਸੀ ਨਫ਼ਰਤ ਛੱਡ ਕੇ ਭਾਈਚਾਰਕ ਸਾਂਝ ਵਧਾਈ ਜਾਵੇ ਅਤੇ ਇਸ ਬਿਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਜਾਵੇ।