ਚੰਡੀਗੜ੍ਹ, 10 ਨਵੰਬਰ, 2023: ਆਮ ਆਦਮੀ ਪਾਰਟੀ ਦੇ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਚੰਡੀਗੜ੍ਹ ਸ਼ਹਿਰ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਸਬੰਧ ਵਿੱਚ ਅੱਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ–ਇੰਚਾਰਜ ਡਾ. ਐਸ.ਐਸ. ਆਹਲੂਵਾਲੀਆ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸੀਨੀਅਰ ਆਗੂਆਂ, ਐਮਸੀ ਅਤੇ ਵਰਕਰਾਂ ਨੇ ਵੱਡੀ ਸੰਖਿਆਂ ਵਿੱਚ ਹਿੱਸਾ ਲਿਆ।
ਡਾ. ਐਸ.ਐਸ. ਆਹਲੂਵਾਲੀਆ ਨੇ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੋਂ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਦੇ ਹਰੇਕ ਵਾਰਡ ਵਿੱਚ ਵੰਲਟੀਅਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਮੀਟਿੰਗਾਂ ਦੇ ਲਈ ਪਿਛਲੇ ਦਿਨੀਂ ਪਾਰਟੀ ਵਲੋਂ 12 ਕੋਆਰਡੀਨੇਟਰ ਚੰਡੀਗੜ੍ਹ ਵਿੱਚ ਲਗਾਏ ਗਏ ਹਨ। ਇਨ੍ਹਾ ਮੀਟਿੰਗਾਂ ਦੇ ਵਿੱਚ ਵਲੰਟੀਅਰਾਂ ਦੇ ਕੋਲੋਂ 2024 ਲੋਕ ਸਭਾ ਚੋਣਾਂ ਦੇ ਲਈ ਸੁਝਾਅ ਲਏ ਜਾਣਗੇ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਚੰਡੀਗੜ੍ਹ ਵਾਸੀਆਂ ਦੇ ਘਰ–ਘਰ ਤੱਕ ਪਹੁੰਚਾਇਆ ਜਾਵੇਗਾ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ 2024 ਲੋਕ ਸਭਾ ਚੋਣਾਂ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਚੰਡੀਗੜ੍ਹ ਵਾਸੀਆਂ ਨੇ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਸਭ ਤੋਂ ਵੱਧ ਐਮਸੀ ਨੂੰ ਜਿਤਾਇਆ ਸੀ। ਚੰਡੀਗੜ੍ਹ ਵਾਸੀ ਹੁਣ ਪੁਰਾਣੀ ਪਾਰਟੀ ਤੋਂ ਬਹੁਤ ਦੁਖੀ ਹਨ। ਆਉਣ ਵਾਲੀਆਂ 2024 ਲੋਕ ਸਭਾ ਚੋਣਾਂ ਦੇ ਵਿੱਚ ਵੀ ਚੰਡੀਗੜ੍ਹ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਅਤੇ ਬਾਕੀ ਪਾਰਟੀਆਂ ਦਾ ਸਫਾਇਆ ਕਰਨਗੇ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਪਾਰਟੀ ਵਲੋਂ ਚੰਡੀਗੜ੍ਹ ਦੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਰੂਪ–ਰੇਖਾ ਤਿਆਰ ਕਰ ਲਈ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਵਲੰਟੀਅਰਾਂ ਦੇ ਕੋਲੋਂ ਸੁਝਾਅ ਲੈ ਕੇ ਨਵਾਂ ਸੰਗਠਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਛੋਟੇ ਤੋਂ ਛੋਟੇ ਵਲੰਟੀਅਰ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੀ ਹੈ।