ਮਾਨਸਾ, 19 ਜੂਨ 2020 – ਐਲ.ਏ.ਸੀ. ’ਤੇ ਗੁਲਵਾਨ ਘਾਟੀ ਵਿਖੇ ਚੀਨ ਦੀ ਫੌਜ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਤੀਸਰੀ ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸਿਪਾਹੀ ਗੁਰਤੇਜ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਅੱਜ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਐਸ.ਐਸ.ਪੀ. ਮਾਨਸਾ ਡਾ ਨਰਿੰਦਰ ਭਾਰਗਵ ਪਿੰਡ ਬੀਰੇਵਾਲਾ ਡੋਗਰਾ ਪੁੱਜੇ ਅਤੇ ਸ਼ਹੀਦੀ ਨੂੰ ਭਾਰਤ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅਮਰ ਰਹਿਣ ਵਾਲੀ ਕਰਾਰ ਦਿੱਤਾ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ “ਸ਼ਹੀਦ ਕਦੀ ਨਹੀਂ ਮਰਦੇ, ਉਹ ਹਮੇਸ਼ਾ ਸਾਡੇ ਦਿਲਾਂ ਦੀਆਂ ਧੜਕਨਾਂ ਵਿੱਚ ਜ਼ਿੰਦਾ ਰਹਿੰਦੇ ਹਨ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਸ਼ਹੀਦ ਦੀ ਮਿ੍ਰਤਕ ਦੇਹ ’ਤੇ ਫੁੱਲਮਾਲਾ ਅਰਪਿਤ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਦੇਸ਼ ਦੇ ਫੌਜੀ ਯੋਧੇ ਸਰਹੱਦਾਂ ’ਤੇ ਆਪਣੀਆਂ ਜਾਨਾਂ ਇਸ ਲਈ ਕੁਰਬਾਨ ਕਰ ਦਿੰਦੇ ਹਨ ਤਾਂ ਕਿ ਉਨਾਂ ਦੇ ਦੇਸ਼-ਵਾਸੀਆਂ ਦਾ ਚੈਨ ਨਾਲ ਜਿਉਣਾ ਯਕੀਨੀ ਬਣ ਸਕੇ ਅਤੇ ਦੇਸ਼ ਆਪਣੇ ਦੁਸ਼ਮਣਾਂ ਤੋਂ ਸੁਰੱਖਿਅਤ ਰਹੇ ।
ਐਸ.ਐਸ.ਪੀ. ਨੇ ਸ਼ਹੀਦ ਫੌਜੀ ਸਿਪਾਹੀ ਗੁਰਤੇਜ ਸਿੰਘ ਪੁੱਤਰ ਸ਼੍ਰੀ ਵਿਰਸਾ ਸਿੰਘ ਅਤੇ ਸ਼੍ਰੀਮਤੀ ਪ੍ਰਕਾਸ਼ ਕੌਰ (ਮਾਤਾ) ਪਿੰਡ ਬੀਰੇਵਾਲਾ ਡੋਗਰਾ ਦੀ ਲਾਸਾਨੀ ਸ਼ਹਾਦਤ ਦਾ ਸਨਮਾਨ ਕਰਦਿਆਂ ਸ਼ਹੀਦ ਫੌਜੀ ਜਵਾਨ ਦੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆ ਨੂੰ ਕਿਹਾ ਕਿ ਭਾਵੇਂ ਸ਼ਹੀਦ ਦੀ ਇਹ ਕੁਰਬਾਨੀ ਉਸਦੇ ਪਰਿਵਾਰ ਦੇ ਨਾਲ ਨਾਲ ਪਿੰਡ, ਰਾਜ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰ ਉਸਦੀ ਇਹ ਲਾਸਾਨੀ ਸ਼ਹਾਦਤ ਸਾਡੇ ਸਭ ਲਈ ਇੱਕ ਮਾਣ ਵਾਲੀ ਗੱਲ ਹੈ। ਉਨਾਂ ਸ਼ਹੀਦ ਫੌਜੀ ਜਵਾਨ ਦੇ ਪਰਿਵਾਰ ਨੂੰ ਹੌਸਲਾਂ ਦਿੰਦੇ ਹੋਏ ਕਿਹਾ ਕਿ ਉਨਾਂ ਦੇ ਪੁੱਤਰ ਦੀ ਇਹ ਸ਼ਹਾਦਤ ਅਤਿਅੰਤ ਕੀਮਤੀ ਹੈ ਅਤੇ ਉਸਦਾ ਨਾਮ ਹਮੇਸ਼ਾ ਲਈ ਭਾਰਤ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਰਹੇਗਾ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਡਾਇਰਕੈਟਰ ਜਨਰਲ ਪੁਲਿਸ ਸ੍ਰੀ ਦਿਨਕਰ ਗੁਪਤਾ, ਨੇ ਦੇਸ਼ ਦੇ ਇਸ ਮਹਾਨ ਸਪੂਤ ਦੀ ਬੇਮਿਸਾਲ ਕੁਰਬਾਨੀ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਲਈ ਉਨਾਂ ਨੂੰ ਵਿਸ਼ੇਸ਼ ਤੌਰ ’ਤੇ ਭੇਜਿਆ ਹੈ । ਉਨਾਂ ਦੱਸਿਆ ਕਿ ਉਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਸਮੁੱਚੀ ਪੰਜਾਬ ਪੁਲਿਸ ਇਸ ਸ਼ਹੀਦ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ। ਉਨਾਂ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਅਤੇ ਜਿਲਾ ਪੁਲਿਸ ਮਾਨਸਾ ਇਸ ਪਰਿਵਾਰ ਦੀ ਹਰ ਸੰਭਵ ਮੱਦਦ ਲਈ ਹਰ ਸਮੇਂ ਤਿਆਰ ਹੈ।