ਜਨੇਵਾ, ਮਈ-ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੌਸ ਅਧਾਨੌਮ ਗੈਬ੍ਰਿਸਸ ਨੂੰ ਕਰੋਨਾਵਾਇਸ ਮਹਾਮਾਰੀ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਵੱਲੋਂ ਫੰਡਾਂ ’ਚ ਕਟੌਤੀ ਦੇ ਨਾਲ ਨਾਲ ਉਨ੍ਹਾਂ ਨੂੰ ਮੌਤ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਹੱਥਾਂ ਦੀ ਕਠਪੁਤਲੀ ਤੱਕ ਆਖਿਆ ਗਿਆ ਪਰ ਉਹ ਆਪਣੇ ਨਿਸ਼ਾਨੇ ਤੋਂ ਪਿਛਾਂਹ ਨਹੀਂ ਹਟੇ। ਉਨ੍ਹਾਂ ਕਰੋਨਾਵਾਇਰਸ ਖਿਲਾਫ਼ ਇਕਜੁੱਟ ਹੋ ਕੇ ਜੰਗ ਲੜਨ ਦਾ ਹੋਕਾ ਦਿੱਤਾ। ਸਿਹਤ ਨੀਤੀ ਬਾਰੇ ਕਈ ਮਾਹਿਰਾਂ ਨੇ ਵਾਇਰਸ ਨਾਲ ਨਜਿੱਠਣ ’ਚ ਨਿਭਾਈ ਗਈ ਭੂਮਿਕਾ ਲਈ ਵਿਸ਼ਵ ਸਿਹਤ ਸੰਸਥਾ ਦੀ ਸ਼ਲਾਘਾ ਕੀਤੀ ਹੈ। ਉਂਜ ਟਰੰਪ ਪ੍ਰਸ਼ਾਸਨ ਨੇ ਉਸ ਦੀ ਆਲੋਚਨਾ ਕਰਦਿਆਂ ਫੰਡਾਂ ’ਚ ਕਟੌਤੀ ਕਰ ਦਿੱਤੀ ਹੈ। ਅਗਲੇ ਹਫ਼ਤੇ ਟੈਡਰੌਸ ਦੀ ਪਰਖ ਹੋਵੇਗੀ ਜਦੋਂ ਵਿਸ਼ਵ ਸਿਹਤ ਅਸੈਂਬਲੀ ਹੋਵੇਗੀ ਜਿਸ ’ਚ ਕੋਵਿਡ-19 ਦਾ ਮੁੱਦਾ ਅਹਿਮ ਰਹੇਗਾ। ਉਨ੍ਹਾਂ ਖਿਲਾਫ਼ ਤਾਇਵਾਨ ਨੇ ਨਸਲੀ ਵਿਤਕਰੇ ਦੇ ਦੋਸ਼ ਲਗਾਏ ਹਨ ਜਿਸ ਦੀ ਟੈਡਰੌਸ ਨੇ ਨਿਖੇਧੀ ਕੀਤੀ ਹੈ। ਅਮਰੀਕਾ ਅਤੇ ਚੀਨ ਵਿਚਕਾਰ ਸਿਆਸੀ ਖਿੱਚੋਤਾਣ ਦਰਮਿਆਨ ਟੈਡਰੌਸ ਇਕ ਧਿਰ ਬਣ ਕੇ ਉੱਭਰੇ ਹਨ। ਹੁਣ ਸਾਰੀਆਂ ਨਜ਼ਰਾਂ ਵਿਸ਼ਵ ਸਿਹਤ ਅਸੈਂਬਲੀ ’ਤੇ ਹੋਣਗੀਆਂ ਜਿਥੇ ਇਹ ਮੁੱਦਾ ਉਭਰਨ ਦੀ ਸੰਭਾਵਨਾ ਹੈ।