ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਵੱਲੋਂ ਸੋਮਾਲੀਆ ’ਚ ਫਸੇ 33 ਭਾਰਤੀਆਂ ਦੀ ਵਾਪਸੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਨੈਰੋਬੀ (ਕੀਨੀਆ) ਸਥਿਤ ਹਾਈ ਕਮਿਸ਼ਨ ਵੱਲੋਂ ਮਾਮਲਾ ਸੋਮਾਲਿਆਈ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ। 33 ਭਾਰਤੀ ਮਜ਼ਦੂਰ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ 25 ਵਰਕਰ ਸ਼ਾਮਲ ਹਨ, ਨੂੰ ਮੋਗਾਦੀਸ਼ੂ ਵਿੱਚ ਇੱਕ ਕੰਪਨੀ ਨੇ ਪਿਛਲੇ 8 ਮਹੀਨਿਆਂ ਤੋਂ ਕਥਿਤ ਤੌਰ ’ਤੇ ਬੰਦੀ ਬਣਾਇਆ ਹੋਇਆ ਹੈ। ਉਹ 10 ਮਹੀਨੇ ਪਹਿਲਾਂ ਕੰਪਨੀ ’ਚ ਕੰਮ ’ਤੇ ਲੱਗੇ ਸਨ ਤੇ ਪਿਛਲੇ 8 ਮਹੀਨਿਆਂ ਤੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ। ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਭਾਰਤ ਵਿੱਚ ਸੋਮਾਲਿਆਈ ਅੰਬੈਸੀ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਇਸ ਮਾਮਲੇ ਦਾ ਜਲਦੀ ਹੱਲ ਨਿਕਲਣ ਦੀ ਉਮੀਦ ਹੈ।’