ਭਾਰਤ ਦੀ ਪਹਿਲੀ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀ ਛਾਤੀ ’ਚ ਦਰਦ ਦੀ ਸ਼ਿਕਾਇਤ ਮਗਰੋਂ ਅੱਜ ਐਂਜੀਓਪਲਾਸਟੀ ਸਰਜਰੀ ਕੀਤੀ ਗਈ। ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਕਪਿਲ ਦੇਵ (61) ਸਿਹਤ ’ਚ ਵਿਗਾੜ ’ਚ ਮਗਰੋਂ ਵੀਰਵਾਰ ਤੋਂ ਇੱਥੇ ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ ’ਚ ਦਾਖ਼ਲ ਹਨ। ਹਸਪਤਾਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਉਨ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਸੀ ਅਤੇ ਅੱਧੀ ਰਾਤ ਨੂੰ ਹੰਗਾਮੀ ਹਾਲਤ ’ਚ ਉਨ੍ਹਾਂ ਦੀ ਕੋਰੋਨਰੀ ਐਂਜੀਓਪਲਾਸਟੀ ਕੀਤੀ ਗਈ।’ ਬਿਆਨ ਮੁਤਾਬਕ ,‘ਉਹ ਹੁਣ ਆਈਸੀਯੂ ਵਿੱਚ ਡਾ. ਅਤੁਲ ਮਾਥੁਰ ਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ ਅਤੇ ਕੁਝ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।’ ਇੰਡੀਅਨ ਕ੍ਰਿਕਟ ਐਸੋਸੀਏਸ਼ਨ (ਆਈਸੀਏ) ਦੇ ਪ੍ਰਧਾਨ ਅਸ਼ੋਕ ਮਲਹੋਤਰਾ, ਜੋ ਕਿ ਕਪਿਲ ਦੇਵ ਦੇ ਦੋਸਤ ਹਨ, ਨੇ ਕਿਹਾ, ‘ਉਨ੍ਹਾਂ (ਕਪਿਲ) ਦੀ ਪਤਨੀ (ਰੋਮੀ) ਨਾਲ ਮੇਰੀ ਗੱਲ ਹੋਈ ਹੈ ਅਤੇ ਉਹ ਹੁਣ ਠੀਕ ਮਹਿਸੂਸ ਕਰ ਰਹੇ ਹਨ।’