ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਰਾਸ਼ਟਰਪਤੀ ਅਹੁਦੇ ਦੇ ਚੋਣ ਲਈ ਅੱਜ ਆਖਰੀ ਅਧਿਕਾਰਤ ਬਹਿਸ ਹੋਈ| ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ| ਆਨਲਾਈਨ ਬਹਿਸ ਕਰਨ ਤੋਂ ਟਰੰਪ ਦੇ ਇਨਕਾਰ ਕਰਨ ਤੋਂ ਬਾਅਦ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਬਹਿਸ ਨੂੰ ਰੱਦ ਕਰ ਦਿੱਤਾ ਸੀ| ਟਰੰਪ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਬਾਈਡੇਨ ਆਹਮੋ-ਸਾਹਮਣੇ ਬਹਿਸ ਕਰਨ ਲਈ ਚਿੰਤਤ ਸਨ| ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਵਿਚਕਾਰ ਪਿਛਲੇ ਮਹੀਨੇ ਹੋਈ ਪਹਿਲੀ ਬਹਿਸ ਕਾਫੀ ਗਰਮਾਗਰਮੀ ਰਹੀ ਸੀ ਜਿਸ ਵਿਚ ਕੋਰੋਨਾ, ਨਸਲੀ ਭੇਦਭਾਵ, ਅਰਥਵਿਵਸਥਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦੇ ਉਠਾਏ ਗਏ ਸਨ| ਤੀਜੀ ਬਹਿਸ ਦੌਰਾਨ ਟਰੰਪ ਨੇ ਕੋਰੋਨਾ ਦਾ ਟੀਕਾ ਤਿਆਰ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਕੁਝ ਹਫਤੇ ਵਿੱਚ ਇਸ ਦੀ ਘੋਸ਼ਣਾ ਕੀਤੀ ਜਾਵੇਗੀ| ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਕੋਲ ਟੀਕਾ ਹੈ ਜੋ ਆਉਣ ਵਾਲਾ ਹੈ ਅਤੇ ਤਿਆਰ ਹੈ| ਇਸ ਦੀ ਹਫਤੇ ਵਿਚ ਘੋਸ਼ਣਾ ਕੀਤੀ ਜਾਵੇਗੀ| ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਚੰਗਾ ਕੰਮ ਕੀਤਾ ਹੈ ਅਤੇ ਦੇਸ਼ ਨੂੰ ਉਸ ਦੇ ਨਾਲ ਰਹਿਣ ਦੀ ਆਦਤ ਪਾਉਣੀ ਪਵੇਗਾ| ਇਸ ਤੇ ਬਾਈਡੇਨ ਨੇ ਕਿਹਾ ਕਿ ਟਰੰਪ ਕੋਲ ਕੋਈ ਯੋਜਨਾ ਨਹੀਂ ਹੈ| ਉਨ੍ਹਾਂ ਕਿਹਾ ਕਿ ਉਹ (ਟਰੰਪ) ਹਮੇਸ਼ਾ ਕਹਿੰਦੇ ਹਨ ਕਿ ਲੋਕ ਇਸ ਦੇ ਨਾਲ ਜਿਊਣਾ ਸਿੱਖ ਰਹੇ ਹਨ| ਉਹਨਾਂ ਕਿਹਾ ਕਿ ਮੈਂ ਇਸ ਨਾਲ ਨਜਿੱਠਾਂਗਾ| ਮੈਂ ਇਹ ਸੁਨਿਸ਼ਚਿਤ ਕਰਾਂਗਾ ਕਿ ਸਾਡੇ ਕੋਲ ਇਸ ਦੀ ਕੋਈ ਯੋਜਨਾ ਹੋਵੇ|