ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਕੋਰੋਨਾ ਲਾਗ਼ ਤੋਂ ਪੈਦਾ ਹੋਏ ਹਾਲਾਤ ਤੇ ਚਰਚਾ ਲਈ ਸੰਸਦ ਦਾ 2 ਦਿਨਾਂ ਐਮਰਜੈਂਸੀ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ, ਆਕਸੀਜਨ ਨਹੀਂ ਹੈ ਅਤੇ ਨਾ ਹੀ ਠੀਕ ਤਰੀਕੇ ਨਾਲ ਟੀਕਾਕਰਨ ਹੋ ਰਿਹਾ ਹੈ। ਅੱਜ ਦੀ ਸਥਿਤੀ ਅਜਿਹੀ ਬਣ ਗਈ ਹੈ ਕਿ ਸ਼ਮਸ਼ਾਨ ਅਤੇ ਕਬਰਸਤਾਨ ਵੀ ਭਰ ਚੁਕੇ ਹਨ।ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਤੁਰੰਤ ਸੰਸਦ ਦਾ 2 ਦਿਨਾਂ ਐਮਰਜੈਂਸੀ ਸੈਸ਼ਨ ਬੁਲਾਇਆਂ ਜਾਵੇ ਤਾਂ ਕਿ ਸਾਰੀ ਸਥਿਤੀ ਨੂੰ ਨੋਟਿਸ ਵਿੱਚ ਲਿਆ ਜਾ ਸਕੇ ਅਤੇ ਇਕ ਵਿਆਪਕ ਰਣਨੀਤੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਚੁੱਕਣ ਦੀ ਜ਼ਰੂਰਤ ਹੈ, ਕਿਉਂਕਿ ਕਿਤੇ ਹਾਲਾਤ ਅਜਿਹੇ ਨਾ ਬਣ ਜਾਣ ਕਿ ਸਭ ਕੁਝ ਪੂਰੀ ਤਰ੍ਹਾਂ ਨਾਲ ਕੰਟਰੋਲ ਤੋਂ ਬਾਹਰ ਹੋ ਜਾਵੇ।