ਫਰਿਜ਼ਨੋ – ਅਮਰੀਕਾ ਵਿੱਚ ਚੋਣਾਂ ਦਾ ਅਖਾੜਾ ਮਘਿਆ ਹੋਣ ਕਰਕੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਸਿਖਰਾਂ ਤੇ ਹਨ। ਇਸੇ ਚੋਣ ਪ੍ਰਚਾਰ ਦੇ ਹਿੱਸੇ ਵਜੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਲਾਡੇਲਫੀਆ ਵਿੱਚ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਬਾਰੇ ਵੇਰਵੇ ਦਿੱਤੇ। ਜਿਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸ਼ਬਦਾਂ ਦੇ ਸਿੱਧੇ ਵਾਰ ਵੀ ਕੀਤੇ। ਇਸ ਮੁਹਿੰਮ ਵਿੱਚ ਓਬਾਮਾ ਨੇ ਸਾਬਕਾ ਉਪ ਰਾਸ਼ਟਰਪਤੀ ਲਈ ਆਪਣਾ ਪਹਿਲਾ ਭਾਸ਼ਣ ਵੀ ਦਿੱਤਾ ਹੈ। ਉਹ ਡੈਮੋਕਰੇਟਸ ਨੇਤਾ ਸਾਬਕਾ ਰਾਸ਼ਟਰਪਤੀ ਜੋਏ ਬਿਡੇਨ ਨੂੰ ਸ਼ਕਤੀਸ਼ਾਲੀ ਉਮੀਦਵਾਰ ਵਜੋਂ ਵੇਖਦੇ ਹਨ। ਇਸ ਪ੍ਰਚਾਰ ਮੁਹਿੰਮ ਦੌਰਾਨ ਓਬਾਮਾ ਦੇ ਭਾਸ਼ਣ ਨੇ ਟਰੰਪ ‘ਤੇ ਸਿੱਧੇ ਹਮਲਿਆਂ ਦੀ ਬਰਸਾਤ ਕੀਤੀ।ਸਾਬਕਾ ਡੈਮੋਕਰੇਟਿਕ ਨੇਤਾ ਨੇ ਟਰੰਪ ਦੀ ਟੈਕਸ ਨੀਤੀ, ਕੋਰੋਨਾ ਵਾਇਰਸ ਮਹਾਂਮਾਰੀ ਨੂੰ ਸੰਭਾਲਣ ਦੀ ਯੋਜਨਾ ਤੇ ਹੋਰ ਮੁੱਦਿਆਂ ਉਤੇ ਸਵਾਲ ਉਠਾਏ। ਓਬਾਮਾ ਨੇ ਦਲੀਲ ਦਿੱਤੀ ਕਿ ਟਰੰਪ ਦੇ ਰਾਸ਼ਟਰਪਤੀ ਦੇ ਅਹੁਦੇ ਨੇ ਨਾ ਸਿਰਫ ਦੂਸਰੇ ਦੇਸਾਂ ਦਾ ਅਮਰੀਕਾ ਪ੍ਰਤੀ ਨਜ਼ਰੀਆ ਬਦਲਿਆ ਹੈ ਬਲਕਿ ਰਾਜਨੀਤੀ ਬਾਰੇ ਅਮਰੀਕਨਾਂ ਦੇ ਵਿਚਾਰ ਵੀ ਬਦਲੇ ਹਨ। ਆਪਣੇ ਭਾਸ਼ਣ ਵਿੱਚ ਅੱਗੇ ਓਬਾਮਾ ਨੇ ਕਿਹਾ ਕਿ , “ਮੈਂ ਕਦੇ ਨਹੀਂ ਸੋਚਿਆ ਸੀ ਕਿ ਡੋਨਾਲਡ ਟਰੰਪ ਮੇਰੇ ਵਿਚਾਰਾਂ ਨੂੰ ਅਪਣਾਉਣਗੇ ਜਾਂ ਨੀਤੀਆਂ ਜਾਰੀ ਰੱਖਣਗੇ, ਪਰ ਮੈਨੂੰ ਦੇਸ਼ ਦੀ ਭਲਾਈ ਲਈ ਉਮੀਦ ਸੀ, ਤਾਂ ਜੋ ਉਹ ਕੰਮ ਵਿੱਚ ਕੁਝ ਰੁਚੀ ਦਿਖਾ ਸਕਣ। ਪਰ ਅਜਿਹਾ ਨਹੀਂ ਹੋਇਆ, ਉਸਨੇ ਕੰਮ ਕਰਨ ਵਿਚ ਜਾਂ ਕਿਸੇ ਦੀ ਮਦਦ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।” ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਨੇ ਸਿੱਧੇ ਤੌਰ ‘ਤੇ ਟਰੰਪ ਦੀ ਕੋਰੋਨਾਂ ਵਾਇਰਸ ਨਾਲ ਨਜਿੱਠਣ ਦੀ ਯੋਜਨਾ ਤੇ ਵੀ ਸਿੱਧਾ ਹਮਲਾ ਕੀਤਾ ਜਿਸਨੇ ਸੰਯੁਕਤ ਰਾਜ ਵਿੱਚ 220,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਤਰ੍ਹਾਂ ਅਖੀਰ ਵਿੱਚ ਓਬਾਮਾ ਨੇ ਟਰੰਪ ਵਿਰੁੱਧ ਸ਼ਬਦਾਂ ਦੇ ਤੀਰ ਕਸਦਿਆਂ ਕਿਹਾ ਕਿ ਲੋਕ ਟਰੰਪ ਅਧੀਨ ਹੋਰ ਸਮਾਂ ਬਰਬਾਦ ਨਹੀਂ ਕਰ ਸਕਦੇ ਇਸ ਲਈ ਅਸੀਂ ਤਬਦੀਲੀ ਲਈ ਵੋਟ ਦੇ ਸਕਦੇ ਹਾਂ।