ਸਰੀ, 24 ਮਈ 2020- ਕੈਨੇਡਾ ਦੀ ਨੈਸ਼ਨਲ ਹਾਊਸਿੰਗ ਏਜੰਸੀ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਆਰਥਿਕਤਾ ਡਗਮਗਾ ਚੁੱਕੀ ਹੈ। ਇਸ ਨੂੰ ਮੁੜ ਲੀਹ ‘ਤੇ ਲਿਆਉਣ ਲਈ ਜਲਦੀ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮੌਰਟਗੇਜ਼ ਦੀ ਕਿਸ਼ਤ ਦਾ ਭੁਗਤਾਨ ਕਰਨਾ ਕਈ ਕੈਨੇਡੀਅਨਾਂ ਲਈ ਮੁਸ਼ਕਲ ਹੋ ਸਕਦਾ ਹੈ। ਜਿਹੜੇ ਖਪਤਕਾਰ ਇਸ ਸਮੇਂ ਮਹਿੰਗੇ ਮੌਰਟਗੇਜ਼ਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਉਹਨਾਂ ‘ਤੇ ਪਹਿਲਾਂ ਹੀ ਕਰਜ਼ੇ ਦਾ ਭਾਰ ਵੱਧ ਚੁੱਕਾ ਹੈ।
ਏਜੰਸੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਰਣਨੀਤੀ ਤਿਆਰ ਨਾ ਕੀਤੀ ਤਾਂ ਅਗਲੇ 12 ਮਹੀਨਿਆਂ ਤੱਕ ਘਰਾਂ ਦੀ ਅਨੁਮਾਨਿਤ ਕੀਮਤਾਂ 9 ਤੋਂ 18 ਪ੍ਰਤੀਸ਼ਤ ਤੱਕ ਘੱਟ ਸਕਦੀਆਂ ਹਨ। ਸੀ.ਐਮ.ਐਚ.ਸੀ. ਦੇ ਅਨੁਮਾਨ ਅਨੁਸਾਰ ਕੈਨੇਡਾ ਵਿਚ ਘਰੇਲੂ ਕਰਜ਼ੇ ਦਾ ਅਨੁਪਾਤ ਇਸ ਸਾਲ ਦੀ ਤੀਜੀ ਤਿਮਾਹੀ ਤੱਕ 130% ਤੱਕ ਦੀ ਤੇਜ਼ੀ ਨਾਲ ਵੱਧ ਸਕਦਾ ਹੈ ਜੋ ਕਿ ਮਹਾਂਮਾਰੀ ਤੋਂ ਪਹਿਲਾਂ ਲੱਗਭਗ 99% ਦੀ ਤੇਜ਼ੀ ਨਾਲ ਵੱਧ ਰਿਹਾ ਸੀ।
ਅਜਿਹੇ ਹਾਲਾਤ ਵਿਚ ਆਉਣ ਵਾਲੇ ਦਿਨਾਂ ਵਿਚ ਘਰ ਖਰੀਦਣ ਲਈ 5% ਡਾਊਨ ਪੇਮੈਂਟ ਦੀ ਥਾਂ ਘੱਟੋ ਘੱਟ 10% ਡਾਊਨ ਪੇਮੈਂਟ ਦੇਣੀ ਪੈ ਸਕਦੀ ਹੈ। ਘਰਾਂ ਦੀ ਕੀਮਤ ਨੂੰ ਸਭ ਤੋਂ ਵੱਧ ਫਰਕ ਅਲਬਰਟਾ ਵਿਚ ਪੈ ਸਕਦਾ ਹੈ, ਜਿੱਥੇ ਕਰੋਨਾ ਮਹਾਂਮਾਰੀ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਹਨ ਅਤੇ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਜੇਕਰ ਕੈਨੇਡਾ ਸਰਕਾਰ ਨੇ ਸਮੇਂ ਸਿਰ ਇਸ ਸਬੰਧੀ ਕੋਈ ਕਦਮ ਨਾ ਚੁੱਕੇ ਤਾਂ ਪੂਰੇ ਕੈਨੇਡਾ ਵਿਚ ਇਸ ਦਾ ਅਸਰ ਕਿਤੇ ਵੱਧ ਤੇ ਕਿਤੇ ਘੱਟ ਦੇਖਣ ਨੂੰ ਮਿਲ ਸਕਦਾ ਹੈ।