ਸਰੀ, 24 ਮਈ 2020- ਕੈਨੇਡਾ ਦੀ ਚੀਫ ਪਬਲਿਕ ਹੈਲਥ ਅਧਿਕਾਰੀ ਡਾ. ਥੈਰੇਸਾ ਟੈਮ ਨੇ ਕਿਹਾ ਹੈ ਕਿ ਵਿਸ਼ਵ ਪੱਧਰ ‘ਤੇ ਫੈਲੇ ਕੋਵਿਡ-19 ਦੇ ਕਹਿਰ ਨੂੰ ਘਟਾਉਣ ਲਈ ਦੇਸ਼ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਕੈਨੇਡਾ ਦੀ ਸਰਹੱਦ ਬੰਦ ਕਰਨ ਵਿਚ ਅਧਿਕਾਰੀਆਂ ਨੇ ਕਾਫੀ ਸੁਸਤੀ ਦਿਖਾਈ।
ਡਾ. ਥੈਰੇਸਾ ਨੇ ਹਾਊਸ ਆਫ ਕਾਮਨਜ਼ ਦੀ ਮੌਜੂਦਾ ਕਮੇਟੀ ਨੂੰ ਦੱਸਿਆ ਕਿ ਜਦੋਂ ਯੂਰਪ ਤੇ ਅਮਰੀਕਾ ਵਿਚ ਕੋਵਿਡ-19 ਦੇ ਕੇਸ ਤੇਜ਼ੀ ਨਾਲ ਫੈਲਣੇ ਸ਼ੁਰੂ ਹੋਏ ਉਦੋਂ ਵੀ ਅਸੀਂ ਇਨ੍ਹਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਦੋਂ ਕਿ ਉਸ ਸਮੇਂ ਘੱਟ ਕੇਸ ਸਨ ਅਤੇ ਅਸੀਂ ਉਨ੍ਹਾਂ ਨੂੰ ਰੋਕਣ ਲਈ ਸਖਤ ਤੇ ਤੇਜ਼ ਕਦਮ ਚੁੱਕ ਸਕਦੇ ਸਾਂ ਪਰ ਅਸੀਂ ਅਜਿਹਾ ਨਹੀਂ ਕੀਤਾ ਗਿਆ।
5 ਮਾਰਚ ਤੱਕ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਹੱਦਾਂ ਨੂੰ ਖੁੱਲ੍ਹਾ ਰੱਖਣ ਦੇ ਫੈਸਲੇ ਦੀ ਪੈਰਵੀ ਕਰਦੇ ਹੋਏ ਕਹਿ ਰਹੇ ਸਨ ਕਿ ਸਰਹੱਦਾਂ ਬੰਦ ਕਰਨ ਨਾਲ ਲੋਕਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ। 13 ਮਾਰਚ ਨੂੰ ਜਦੋਂ ਅਮਰੀਕਾ ਨੇ ਇਸ ਨੂੰ ਕੌਮੀ ਐਮਰਜੰਸੀ ਐਲਾਨਿਆ ਤਾਂ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਇਹ ਆਖ ਕੇ ਟਾਲਾ ਵੱਟ ਲਿਆ ਕਿ ਮਹਾਂਮਾਰੀ ਵਿਚ ਇਸ ਤਰ੍ਹਾਂ ਦੇ ਮਾਪਦੰਡ ਬਹੁਤੇ ਕਾਰਗਰ ਸਾਬਤ ਨਹੀਂ ਹੁੰਦੇ।
13 ਮਾਰਚ ਨੂੰ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਆਖਿਆ ਸੀ ਕਿ ਕੈਨੇਡਾ ਕਰੋਨਾਵਾਇਰਸ ਦਾ ਟਾਕਰਾ ਸਰਹੱਦਾਂ ਬੰਦ ਕੀਤੇ ਬਿਨਾਂ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰ ਰਿਹਾ ਹੈ ਪਰ ਇਸ ਤੋਂ ਕਈ ਦਿਨ ਬਾਅਦ ਕੈਨੇਡਾ ਨੂੰ ਆਪਣੀ ਸਰਹੱਦਾਂ ਬੰਦ ਕਰਨ ਦਾ ਫੈਸਲਾ ਲੈਣਾ ਹੀ ਪਿਆ।