ਕੈਲੀਫੋਰਨੀਆਂ – ਕੋਰੋਨਾ ਵਾਇਰਸ ਮਹਾਂਮਾਰੀ ਉੱਪਰ ਕਾਬੂ ਪਾਉਣ ਲਈ ਇਸਦੀ ਲਾਗ ਬਾਰੇ ਟੈਸਟ ਕਰਨਾ ਬਹੁਤ ਜਰੂਰੀ ਹੈ। ਟੈਸਟ ਕਰਨ ਦੇ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਸਦੇ ਲੱਛਣ ਦਿਖਾਉਣ ਵਾਲਾ ਵਿਅਕਤੀ ਇਸ ਤੋਂ ਪੀੜਿਤ ਹੈ ਜਾਂ ਨਹੀ। ਫਿਰ ਨਤੀਜੇ ਅਨੁਸਾਰ ਅਗਲੀਆਂ ਸਾਵਧਾਨੀਆਂ ਰੱਖੀਆਂ ਜਾ ਸਕਦੀਆਂ ਹਨ। ਪਰ ਕਈ ਵਿਅਕਤੀ ਕਿਸੇ ਕਾਰਨ ਕਰਕੇ ਇਸ ਵਾਇਰਸ ਦੀ ਲਾਗ ਦਾ ਟੈਸਟ ਕਰਵਾਉਣ ਵਿੱਚ ਅਸਫਲ ਰਹਿੰਦੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਹੁਣ ਘਰਾਂ ਵਿੱਚ ਹੀ ਟੈਸਟ ਕਰਨ ਦੀ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ। ਫੈਡਰਲ ਅਧਿਕਾਰੀਆਂ ਦੁਆਰਾ ਘਰੇਲੂ ਕੋਰੋਨਾਵਾਇਰਸ ਟੈਸਟਾਂ ਲਈ ਦਿਸ਼ਾ ਨਿਰਦੇਸ਼ ਤੈਅ ਕਰਨ ਦੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ ਖਪਤਕਾਰਾਂ ਲਈ ਕਿੱਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।ਪਿਛਲੇ ਹਫਤੇ ਬੇਅ ਏਰੀਆ ਵਿੱਚ ਸੇਫਵੇਅ ਅਤੇ ਐਲਬਰਟਸਨ ਸਟੋਰਾਂ ਨੇ ਕਰੋਨਾ ਵਾਇਰਸ ਕਿੱਟਾਂ ਦੀ ਪੇਸ਼ਕਸ਼ ਕੀਤੀ ਹੈ। ਜਿਸ ਵਿੱਚ ਟੈਸਟ ਇਕ ਸਕ੍ਰੀਨਿੰਗ ਤੋਂ ਬਾਅਦ ਹੋਵੇਗਾ। ਇਸਦੀ ਕੀਮਤ $140 ਹੈ ਅਤੇ ਮੈਡੀਕਲ ਲੈਬ ਵਿਚ ਕਾਰਵਾਈ ਹੋਣ ਤੋਂ ਬਾਅਦ 72 ਘੰਟਿਆਂ ਦੇ ਵਿੱਚ ਬਹੁਤ ਜਲਦੀ ਇਸਦਾ ਨਤੀਜਾ ਆ ਜਾਂਦਾ ਹੈ। ਇਨ੍ਹਾਂ ਟੈਸਟ ਕਿੱਟਾਂ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਇਹ ਸਸਤਾ ਅਤੇ ਤੇਜ਼ੀ ਨਾਲ SARS-CoV-2 ਟੈਸਟ ਕਰਨ ਦਾ ਸਾਧਨ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵਿਆਪਕ ਰੂਪ ਵਿੱਚ ਉਪਲੱਬਧ ਹੋ ਜਾਣਗੇ। ਇਨ੍ਹਾਂ ਦੇ ਸੰਬੰਧ ਵਿੱਚ ਇੱਕ ਡਰ ਇਹ ਹੈ ਕਿ ਇਹ ਕਿੱਟਾਂ ਕਾਰਗਰ ਸਾਬਿਤ ਹੋਣਗੀਆਂ ਜਾਂ ਨਹੀਂ ਕਿਉਂਕਿ ਜਲਦੀ ਮਿਲਿਆ ਟੈਸਟ ਨਤੀਜਾ ਭਰੋਸੇਯੋਗ ਹੋਵੇਗਾ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ।